ਆਖਿਰ ਲੁਧਿਆਣਾ 'ਚ ਕੈਪਟਨ ਨੇ ਮੀਡੀਆ ਤੋਂ ਕਿਉਂ ਬਣਾਈ ਦੂਰੀ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਵਿਧਾਇਕ ਜ਼ੀਰਾ ਦੇ ਬਾਗ਼ੀ ਸੁਰਾਂ ਪਿਛੋਂ ਮੀਡੀਆ ਤੋਂ ਦੂਰੀ ਬਣਾ ਕੇ ਰੱਖਣਾ ਚਾਹੁੰਦੇ ਨੇ ਕੈਪਟਨ ?

Punjab CM Inaugurated Animal Hospital

ਲੁਧਿਆਣਾ : ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਚ 14 ਕਰੋੜ ਦੀ ਲਾਗਤ ਨਾਲ ਬਣੇ ਵੈਟਰਨਰੀ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ। ਹਲਾਂਕਿ ਲੁਧਿਆਣਾ ਵਿਚ ਮੁੱਖ ਮੰਤਰੀ ਕਰੀਬ 4 ਘੰਟੇ ਤਕ ਰੁਕੇ ਪਰ ਉਨ੍ਹਾਂ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ। ਉਨ੍ਹਾਂ ਦੇ ਆਸਪਾਸ ਸੁਰੱਖਿਆ ਘੇਰਾ ਇੰਨਾ ਮਜ਼ਬੂਤ ਸੀ ਕਿ ਮੀਡੀਆ ਕਰਮਚਾਰੀਆਂ ਨੂੰ ਲਗਭਗ ਇਕ ਹਜ਼ਾਰ ਫੁੱਟ ਦੀ ਦੂਰੀ ਉਤੇ ਰੱਖਿਆ ਗਿਆ।

ਉਦਘਾਟਨ ਦੇ ਦੌਰਾਨ ਕੈਮਰਾਮੈਨ ਨੂੰ ਕੁਝ ਦੂਰੀ ਤੋਂ ਫੋਟੋ ਲੈਣ ਦੀ ਇਜਾਜ਼ਤ ਦਿਤੀ ਗਈ। ਉਸ ਤੋਂ ਬਾਅਦ ਉਨ੍ਹਾਂ ਨੂੰ ਵੀ ਮੁੱਖ ਮੰਤਰੀ ਤੋਂ ਦੂਰ ਕਰ ਦਿਤਾ ਗਿਆ। ਦੁਪਹਿਰ ਲਗਭਗ 3:45 ਵਜੇ ਮੁੱਖ ਮੰਤਰੀ ਵਾਪਸ ਚਲੇ ਗਏ। ਗਡਵਾਸੂ ਵਿਚ ਉਦਘਾਟਨ ਸਮਾਰੋਹ ਦੇ ਦੌਰਾਨ ਮੁੱਖ ਮੰਤਰੀ ਦੇ ਨੇੜੇ ਕੁਝ ਲੋਕ ਹੀ ਵਿਖਾਈ ਦਿਤੇ। ਇਸ ਵਿਚ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ, ਵਿਧਾਇਕ ਰਾਕੇਸ਼ ਪਾਂਡੇ, ਸੁਰਿੰਦਰ ਡਾਬਰ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪਵਨ ਦੀਵਾਨ ਸਨ।

ਸਮਾਰੋਹ ਵਿਚ ਲਾਈ ਗਈ ਪ੍ਰਦਰਸ਼ਨੀ ਸਮੇਂ ਚਾਰੇ-ਪਾਸੇ ਪੁਲਿਸ ਨੇ ਹੱਥ ਵਿਚ ਰੱਸੇ ਲੈ ਕੇ ਪੂਰੀ ਤਰ੍ਹਾਂ ਨਾਲ ਬੈਰੀਕੇਡਿੰਗ ਕਰ ਕੇ ਰੱਖੀ ਸੀ। ਕਿਸੇ ਨੂੰ ਦੂਜੇ ਪਾਸੇ ਜਾਣ ਦੀ ਆਗਿਆ ਨਹੀਂ ਦਿਤੀ ਗਈ। ਕੈਪਟਨ ਦੀ ਆਮ ਪਬਲਿਕ ਅਤੇ ਮੀਡੀਆ ਤੋਂ ਦੂਰੀ ਨੇ ਰਾਜਨੀਤਿਕ ਗਲਿਆਰਿਆਂ ਵਿਚ ਚਰਚਾ ਛੇੜ ਦਿਤੀ ਹੈ। ਮਾਹਿਰਾਂ ਦੀ ਮੰਨੀਏ ਤਾਂ ਕੈਪਟਨ ਅਪਣੇ ਵਿਧਾਇਕ ਜ਼ੀਰਾ ਵਲੋਂ ਖੋਲ੍ਹੇ ਗਏ ਮੋਰਚੇ ਉਤੇ ਕੁਝ ਵੀ ਜਵਾਬ ਨਹੀਂ ਦੇਣਾ ਚਾਹੁੰਦੇ ਸਨ।

ਗਡਵਾਸੂ ਵਿਚ ਬਣਿਆ ਐਨੀਮਲ ਹਸਪਤਾਲ ਉੱਤਰ ਭਾਰਤ ਦਾ ਸਭ ਤੋਂ ਵੱਡਾ ਹਸਪਤਾਲ ਹੈ। ਇੱਥੇ ਛੋਟੇ ਜਾਨਵਰਾਂ ਦਾ  ਇਲਾਜ ਹੋਵੇਗਾ। ਹਸਪਤਾਲ ਵਿਚ ਜਾਨਵਰਾਂ ਲਈ ਅਲਟਰਾਸਾਊਂਡ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੀਆਂ ਆਧੁਨਿਕ ਸੁਵਿਧਾਵਾਂ ਦਿਤੀਆਂ ਗਈਆਂ ਹਨ। ਹਾਲਾਂਕਿ ਵੱਡੇ ਜਾਨਵਰਾਂ ਲਈ ਪਹਿਲਾਂ ਤੋਂ ਵੱਖ ਹਸਪਤਾਲ ਦੀ ਸਹੂਲਤ ਇੱਥੇ ਹੈ। ਕੁੱਝ ਸਮਾਂ ਪਹਿਲਾਂ ਛੋਟੇ ਜਾਨਵਰਾਂ ਲਈ ਇਸ ਨਵੇਂ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਸੀ।