ਹੁਕਮਨਾਮੇ 'ਤੇ ਅਧਿਕਾਰ ਜਿਤਾਉਣ ਦਾ ਅਸਲ ਕਾਰਨ 'ਕੇਵਲ ਮਾਫੀਆ' : ਬੈਂਸ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਕੋਲ ਟੀਵੀ ਚੈਨਲ ਤੇ ਰੇਡੀਓ ਅਪਣਾ ਹੋਣਾ ਚਾਹੀਦੈ

file photo

 ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸੈਸ਼ਨ ਮੌਕੇ ਜਿੱਥੇ ਪੰਜਾਬ ਨਾਲ ਜੁੜੇ ਮਸਲਿਆਂ 'ਤੇ ਚਰਚਾ ਨਾ ਹੋਣ ਕਰ ਕੇ ਵਿਰੋਧੀ ਧਿਰਾਂ ਹੰਗਾਮਾ ਕਰਦੀਆਂ ਨਜ਼ਰ ਆਈਆਂ, ਉਥੇ ਹੀ ਬੈਂਸ ਭਰਾਵਾਂ ਨੇ ਵੀ ਇਤਰਾਜ ਜਿਤਾਏ ਹਨ। ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਬੈਂਸ ਨੇ ਬੀਤੇ ਦਿਨੀਂ ਹੁਕਮਨਾਮੇ 'ਤੇ ਇਕ ਨਿੱਜੀ ਚੈਨਲ ਵਲੋਂ ਅਧਿਕਾਰ ਜਤਾਏ ਜਾਣ ਦੇ ਮੁੱਦੇ 'ਤੇ ਬੋਲਦਿਆਂ ਆਖਿਆ ਕਿ ਇਸ ਮੁੱਦੇ ਪਿੱਛੇ ਵੱਡਾ ਹੱਥ ਕੇਵਲ ਮਾਫੀਏ ਦਾ ਹੈ।

ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਕੇਵਲ ਮਾਫੀਆ ਖਿਲਾਫ਼ ਲੰਮੀ ਲੜਾਈ ਲੜ ਚੁੱਕੀ ਹੈ ਅਤੇ ਜੇਲ੍ਹ ਤਕ ਦਾ ਸਫ਼ਰ ਕਰਨਾ ਪਿਆ ਪਰ ਇਸ ਦੇ ਬਾਵਜੂਦ ਵੀ ਪੰਜਾਬ 'ਚ ਕੇਵਲ ਮਾਫੀਆ ਜਿਊ ਦਾ ਤਿਉਂ ਬਰਕਰਾਰ  ਹੈ।

ਉਨ੍ਹਾਂ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਜੋ ਕੇਵਲ ਮਾਫੀਏ ਦਾ ਸਰਗਨਾ ਪਹਿਲਾਂ ਬਾਦਲਾਂ ਦੇ ਕਰੀਬ ਸੀ, ਉਹ ਅੱਜਕੱਲ੍ਹ ਕੈਪਟਨ ਅਮਰਿੰਦਰ ਸਿੰਘ ਦੀ ਮੁੱਛ ਦਾ ਵਾਲ ਬਣਿਆ ਬੈਠਾ ਹੈ।

ਇਸ ਮੌਕੇ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਬਜਟ ਦੀ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਅਪਣਾ ਟੀਵੀ ਚੈਨਲ ਅਤੇ ਰੇਡੀਓ ਹੋਣਾ ਚਾਹੀਦਾ ਹੈ, ਤਾਂ ਜੋ ਇਥੋਂ ਵੀ ਹਰ ਪਾਸੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ।

ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਬਲਵਿੰਦਰ ਬੈਂਸ ਵਲੋਂ ਇਸ ਬਾਬਤ ਸ਼੍ਰ੍ਰੋਮਣੀ ਕਮੇਟੀ ਨੂੰ ਸੁਝਾਅ ਵੀ ਦਿਤਾ ਸੀ, ਪਰ ਉਸ 'ਤੇ ਅੱਜ ਤਕ ਕੋਈ ਅਮਲ ਨਹੀਂ ਕੀਤਾ ਗਿਆ। ਇਸੇ ਕਰ ਕੇ ਹੁਕਮਨਾਮੇ 'ਤੇ ਹੁਣ ਨਿੱਜੀ ਅਦਾਰੇ ਅਪਣਾ ਹੱਕ ਸਮਝਣ ਲੱਗ ਪਏ ਹਨ।

ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਕਰੀਬ 20 ਮਿੰਟ ਚੱਲੇ ਸੈਸ਼ਨ 'ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਇਹ ਪ੍ਰਥਾ ਕੁੱਝ ਸਮੇਂ ਤੋਂ ਚਲੀ ਆ ਰਹੀ ਹੈ, ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ ਤਾਂ ਜੋ ਸੈਸ਼ਨ 'ਤੇ ਖ਼ਰਚੇ ਜਾਣ ਵਾਲੇ ਪੈਸੇ ਦਾ ਲੋਕ ਮੁੱਦਿਆਂ ਦੇ ਹੱਲ ਲਈ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾ ਸਕੇ।