9 ਜ਼ਿਲ੍ਹਿਆਂ ‘ਚ ਲੌੜੀਂਦਾ ਮੱਝ ਚੋਰ ਗਰੁੱਪ ਖੰਨਾ ਪੁਲਿਸ ਵੱਲੋਂ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਸ਼ਰਨਦੀਪ ਸਿੰਘ ਐਸਐਸਪੀ ਖੰਨਾ, ਨੇ ਪ੍ਰੈਸ ਕਾਂਨਫੰਰਸ ਰਾਂਹੀ ਜਾਣਕਾਰੀ...

Khanna Police

ਖੰਨਾ: ਗੁਰਸ਼ਰਨਦੀਪ ਸਿੰਘ ਐਸਐਸਪੀ ਖੰਨਾ, ਨੇ ਪ੍ਰੈਸ ਕਾਂਨਫੰਰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵੱਲੋਂ ਮਾੜੇ ਅਨਸਰਾਂ/ਚੋਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਵਿੱਢੀ ਗਈ। ਜਿਸ ਵਿਚ ਪੁਲਿਸ ਜ਼ਿਲ੍ਹਾ ਖੰਨਾ ਵਿਚ ਹੋ ਰਹੀਆਂ ਦੁਧਾਰੂ ਪਸ਼ੂਆਂ (ਮੱਝਾਂ) ਦੀਆਂ ਚੋਰੀਆਂ ਨੂੰ ਰੋਕਣ ਅਤੇ ਚੋਰਾਂ ਨੂੰ ਨੱਥ ਪਾਉਣ ਲਈ ਜਗਵਿੰਦਰ ਸਿੰਘ ਐਸਪੀ ਖੰਨਾ, ਤਰਲੋਚਨ ਸਿੰਘ ਐਸਪੀ ਖੰਨਾ ਅਤੇ ਹਰਿੰਦਰ ਸਿੰਘ ਉਪ ਕਪਤਾਨ ਪੁਲਿਸ ਸਮਰਾਲਾ ਦੀ ਰਹਿਨੁਮਾਈ ਹੇਠ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਖੰਨਾ ਅਤੇ ਸ.ਬ ਸਿਕੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਮਰਾਲਾ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ।

ਇਨ੍ਹਾਂ ਟੀਮਾਂ ਵੋੱਲਂ ਮੁਸ਼ਤੈਦੀ ਨਾਲ ਡਿਊਟੀ ਕਰਦੇ ਹੋਏ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ, ਜਦੋਂ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਚੌਂਕੀ ਹੇਡੋਂ ਅਤੇ ਸੀਆਈਏ ਸਟਾਫ਼ ਖੰਨਾ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਨੰਬਰ 230 ਮਿਤੀ 8/11/19 ਅ/ਧ 457/380/342 ਭ/ਦ ਥਾਣਾ ਸਮਰਾਲਾ ਦੀ ਤਫ਼ਤੀਸ਼ ਦੇ ਸੰਬੰਧ ਵਿਚ ਸੂਆ ਪੁਲੀ ਬੌਂਦਲੀ ਸਮਰਾਲਾ ਬਾਈਪਾਸ ਉਤੇ ਨਾਕਾਬੰਦੀ ਦੌਰਾਨ ਨਾਕਾਬੰਦੀ ਸਮਰਾਲਾ ਸਾਈਡ ਤੋਂ ਇਕ ਗੱਡੀ ਮਹਿੰਦਰਾ ਪਿਕ ਅੱਪ ਰੰਗ ਚਿੱਟਾ ਨੰਬਰ ਐਚਪੀ-12-4004 ਤੇਜ਼ ਤਫ਼ਤਾਰ ਵਿਚ ਆਈ, ਇਹ ਉਹ ਹੀ ਵਹੀਕਲ ਸੀ, ਜਿਸਦਾ ਜਿਕਰ ਮੁਦਈ ਮੁਕੱਦਮਾ ਨੇ ਆਪਣੇ ਬਿਆਨ ਵਿਚ ਕੀਤਾ ਸੀ।

ਜਿਸਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਗੱਡੀ ਚਾਲਕ ਦਾ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਨਰੇਸ਼ ਕੁਮਾਰ ਸ਼ਰਮਾ ਪੁੱਤਰ ਦਿਆਲ ਚੰਦ ਸ਼ਰਮਾ ਵਾਸੀ ਪਿੰਡ ਨਾਨਕਪੁਰ ਖੇੜਾ ਥਾਣਾ ਪਿੰਜੋਰ ਤਹਿਸੀਲ ਕਾਲਕਾ ਜ਼ਿਲ੍ਹਾ ਪੰਚਕੂਲਾ ਹਰਿਆਣਾ ਦੱਸਿਆ ਅਤੇ ਪੁਛਗਿਛ ਦੌਰਾਨ ਇਹ ਵੀ ਦੱਸਿਆ ਕਿ ਉਨ੍ਹਾਂ ਦਾ ਮੱਝਾਂ ਚੋਰੀਆਂ ਕਰਨ ਦਾ ਰਾਜਪੱਧਰੀ ਗੈਂਗ ਹੈ। ਜੋ ਮਿਲਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਮੱਝਾਂ ਚੋਰੀ ਕਰਦੇ ਹਨ। ਉਕਤ ਨਰੇਸ਼ ਕੁਮਾਰ ਨੂੰ ਮੁਕੱਦਮਾ ਹਜਾ ਵਿਚ ਗ੍ਰਿਫ਼ਤਾਰ ਕੀਤਾ ਗਿਆ।

ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੱਝਾਂ ਚੋਰੀ ਕਰਨ ਵਾਲੇ ਗੈਂਗ ਵਿਚ (1)ਮੁਹੰਮਦ ਹੁਸੇਲ ਉਰਫ਼ ਆਜਾਦ ਵਾਸੀ ਗੁਰਦਾਸਪੁਰ (2) ਸ਼ੇਰ ਅਲੀ ਉਰਫ਼ ਸ਼ੇਰੂ ਵਾਸੀ ਬਟਾਲਾ (3) ਮੁਹੰਮਦ ਵਜਲ ਵਾਸੀ ਸਹਾਰਨਪੁਰ (4) ਸਿਪਾਹੀਆ ਵਾਸੀ ਕਠੂਆ (5) ਅੱਕੂ ਵਾਸੀ ਕਠੂਆ (6) ਬਿੱਲਾ ਵਾਸੀ ਕਠੂਆ (7) ਕਜੂਮ ਵਾਸੀ ਕਠੂਆ (8) ਸੰਮੂ ਵਾਸੀ ਕਪੂਰਥਲਾ (9) ਯਕੂਬ ਵਾਸੀ ਕਠੂਆ (10) ਦੀਨ ਵਾਸੀ ਕਠੂਆ ਸ਼ਾਮਲ ਹਨ, ਜਿਨ੍ਹਾਂ ਕੋਲ ਕਾਲੇ ਰੰਗ ਦੀ ਦਿੱਲੀ ਨੰਬਰ ਸਕਾਰਪੀਓ ਗੱਡੀ ਹੈ। ਉਕਤ ਨੂੰ ਮੁਕੱਦਮਾ ਹਜਾ ਵਿਚ ਨਾਮਜ਼ਦ ਕੀਤਾ ਗਿਆ।

ਇਹ ਮੱਝਾਂ ਚੋਰੀ ਕਰਨ ਵਾਲੇ ਰਾਜਪੱਧਰੀ ਗੈਂਗ ਹੈ, ਜਿਨ੍ਹਾਂ ਦੇ ਕੁਝ ਬੰਦੇ ਸਟੇਟ ਜੰਮੂ, ਜ਼ਿਲ੍ਹਾ ਸਹਾਰਨਪੁਰ ਯੂ.ਪੀ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦਾ ਫੋਨ ਉਤੇ ਆਪਸੀ ਤਾਲਮੇਲ ਹੋਣ ਕਰਕੇ ਪੰਜਾਬ ਵਿਚ ਮੱਝਾਂ ਚੋਰੀ ਕਰਨ ਸੰਬੰਧੀ ਪਹਿਲਾਂ ਰੋਕੀ ਕਰਦੇ ਹਨ ਅਤੇ ਫਿਰ ਰਾਤ ਸਮੇਂ ਮੱਝਾਂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਰੇਡ ਟੀਮਾਂ ਦਾ ਗਠਨ ਕੀਤਾ ਗਿਆ ਹੈ, ਇਨ੍ਹਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਤਫ਼ਤੀਸ਼ ਦੌਰਾਨ ਉਕਤ ਦੋਸ਼ੀਆਂ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ, ਖੰਨਾ, ਰੋਪੜ, ਸ਼੍ਰੀ ਫ਼ਤਿਹਗੜ੍ਹ ਸਾਹਿਬ, ਤਰਨਤਾਰਨ, ਹੁਸ਼ਿਆਰਪੁਰ, ਨਵਾਂ ਸ਼ਹਿਰ, ਅੰਮ੍ਰਿਤਸਰ, ਮੋਗਾ, ਪਠਾਨਕੋਟ ਵਿਚ ਕੁੱਲ 21 ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਕੁੱਲ 65 ਮੱਝਾਂ ਚੋਰੀ ਕੀਤੀਆਂ। ਇਨ੍ਹਾਂ ਵੱਲੋਂ 2 ਮੱਝਾਂ, 3,85,000 ਰੁਪਏ ਦੀ ਨਗਦੀ ਅਤੇ ਚੋਰੀ ਸਮੇਂ ਵਰਤੀ ਜਾਂਦੀ ਗੱਡੀ (ਮਹਿੰਦਰਾ ਪਿਕਅੱਪ) ਬਰਾਮਦ ਕੀਤੀ ਗਈ।