ਪੰਜਾਬ ’ਚ ਹੋ ਰਹੀ ਖਿਡਾਰੀਆਂ ਦੀ ਬੇਕਦਰੀ : ਆਪ
ਪੰਜਾਬ ਦੇ ਖਿਡਾਰੀ ਦੂਜੇ ਰਾਜਾਂ ਤੋਂ ਖੇਡਣ ਲਈ ਹੋਏ ਮਜਬੂਰ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਵਿਚ ਖਿਡਾਰੀਆਂ ਦੀ ਬੇਕਦਰੀ 'ਤੇ ਚਿੰਤਾ ਪ੍ਰਗਟ ਕੀਤੀ। ਸਰਕਾਰ ਅਤੇ ਖੇਡ ਮੰਤਰਾਲੇ ਦੇ ਵਰਤਾਰੇ ਨੂੰ ਨਿਰਾਸ਼ਾਜਨਕ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ। 'ਆਪ' ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਨੌਜਵਾਨ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਅਤੇ ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰ ਅਤੇ ਖੇਡ ਮੰਤਰਾਲਾ ਖਿਡਾਰੀਆਂ ਦੀਆਂ ਜ਼ਰੂਰਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਅਪਣਾ ਖੇਡ ਅਤੇ ਨੌਜਵਾਨੀ ਵਿਰੋਧੀ ਚਿਹਰਾ ਨੰਗਾ ਕਰ ਰਹੀ ਹੈ ਅਤੇ ਸਰਕਾਰ ਦੇ ਇਸ ਵਰਤਾਰੇ ਕਾਰਨ ਜਾਂ ਤਾਂ ਖਿਡਾਰੀ ਖੇਡਾਂ ਤੋਂ ਦੂਰ ਹੋ ਰਹੇ ਹਨ ਜਾਂ ਸਹੂਲਤਾਂ ਦੀ ਤਲਾਸ਼ ਵਿਚ ਦੂਸਰੇ ਰਾਜਾਂ ਦਾ ਰੁਖ਼ ਕਰ ਰਹੇ ਹਨ।
ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਖਿਡਾਰੀ ਜੋ ਕੌਮਾਂਤਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਾਪਤੀ ਹਾਸਲ ਕਰ ਕੇ ਨਸ਼ੇ ਵਿਚ ਫਸੀ ਨੌਜਵਾਨੀ ਲਈ ਆਦਰਸ਼ ਬਣਨੇ ਚਾਹੀਦੇ ਸਨ। ਉੱਥੇ ਸਰਕਾਰ ਉਨ੍ਹਾਂ ਨੂੰ ਸਹੀ ਰੁਜ਼ਗਾਰ ਮੁਹੱਈਆ ਨਾ ਕਰਕੇ ਅਤੇ ਬਣਦਾ ਮਾਨ ਸਤਿਕਾਰ ਨਾ ਦੇ ਕੇ ਨਜ਼ਰ-ਅੰਦਾਜ਼ ਕਰ ਰਹੀ ਹੈ। ਅਤੇ ਹੁਣ ਉਹ ਖ਼ੁਦ ਆਰਥਿਕ ਸੰਕਟ ਨਾਲ ਜੂਝ ਰਹੇ ਹਨ।
ਰੁਪਿੰਦਰ ਕੌਰ ਰੂਬੀ ਨੇ ਕਿਹਾ ਕਿ ਸਰਕਾਰ ਵਲੋਂ ਧਿਆਨ ਨਾ ਦੇਣ ਕਰ ਕੇ ਕੌਮਾਂਤਰੀ ਪੱਧਰ 'ਤੇ ਮੈਡਲ ਜੇਤੂ ਖਿਡਾਰੀ ਪੰਜਾਬ ਦੀ ਜਗ੍ਹਾ ਦੂਸਰੇ ਰਾਜਾਂ ਵਲੋਂ ਖੇਡ ਰਹੇ ਹਨ, ਕਿਉਂਕਿ ਉਥੋਂ ਉਨ੍ਹਾਂ ਨੂੰ ਵੱਧ ਸਹੂਲਤਾਂ ਅਤੇ ਚੰਗਾ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਵਰਤਾਰੇ ਤੋਂ ਸਾਬਤ ਹੁੰਦਾ ਹੈ ਕਿ ਸਰਕਾਰ ਦੀ ਖੇਡ ਨੀਤੀ ਬਿਲਕੁਲ ਫ਼ੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ
ਸਰਕਾਰ ਖਿਡਾਰੀਆਂ ਲਈ ਇਸ ਸਾਲ ਦੇ ਬਜਟ ਵਿਚ ਜ਼ਿਆਦਾ ਰਾਸ਼ੀ ਰੱਖੇ ਅਤੇ ਹੇਠਲੇ ਪੱਧਰ ਤੋਂ ਹੀ ਖਿਡਾਰੀਆਂ ਨੂੰ ਸਹੂਲਤਾਂ ਪ੍ਰਦਾਨ ਕਰੇ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਹੀ ਰੁਜ਼ਗਾਰ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਮੁਕਾਬਲਿਆਂ ਸਮੇਂ ਫੱਟੜ ਖਿਡਾਰੀਆਂ ਨੂੰ ਦਿਤੀ ਜਾਂਦੀ ਸਹਾਇਤਾ ਰਾਸ਼ੀ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ ਅਤੇ ਮੰਗ ਕੀਤੀ ਕਿ ਖਿਡਾਰੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਦੇ ਆਧਾਰ 'ਤੇ ਬਣਦਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।