ਮੇਰੀ ਕਹੀ ਗੱਲ ਨੂੰ ਹਮੇਸ਼ਾ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਹੈ ਪੇਸ਼ : ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਵਿਖੇ ਨਗਰ ਨਿਗਮ ਦੇ ਇਕ ਪ੍ਰੋਗਰਾਮ ਵਿਚ ਸ਼ਿਰਕਤ...

Navjot Sindh Sidhu

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਵਿਖੇ ਨਗਰ ਨਿਗਮ ਦੇ ਇਕ ਪ੍ਰੋਗਰਾਮ ਵਿਚ ਸ਼ਿਰਕਤ ਹੋਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੁਲਵਾਮਾ ਵਿਚ ਹੋਏ ਅਤਿਵਾਦੀ ਹਮਲੇ ਨੂੰ ਲੈ ਕੇ ਕਿਹਾ ਚਾਰ ਕੁ ਅਤਿਵਾਦੀਆਂ ਕਰਕੇ ਦੇਸ਼ ਦਾ ਵਿਕਾਸ ਨਹੀਂ ਰੁਕ ਸਕਦਾ ਅਤੇ ਨਾ ਹੀ ਬਾਬਾ ਨਾਨਕ ਦੀ ਫਿਲਾਸਫ਼ੀ ਨੂੰ ਅੱਗੇ ਵੱਧਣ ਤੋਂ ਕੋਈ ਰੋਕ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਾਰ ਮੇਰੀ ਗੱਲ ਨੂੰ ਤੋੜ ਮਰੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਮੇਰੀ ਪੂਰੀ ਗੱਲ ਨੂੰ ਤਾਂ ਲੋਕਾਂ ਦੇ ਸਾਹਮਣੇ ਆਉਣ ਦਿਤੀ ਹੀ ਨਹੀਂ ਜਾਂਦਾ

ਕਿਉਂਕਿ ਸ਼ਾਇਦ ਬਹੁਤ ਲੋਕ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਜੋ ਮੇਰਾ ਕੱਲ੍ਹ ਬਿਆਨ ਸੀ ਮੈਂ ਅੱਜ ਵੀ ਅਪਣੀ ਉਸ ਗੱਲ ਉਤੇ ਕਾਇਮ ਹਾਂ ਕਿ ਅਤਿਵਾਦ ਦਾ ਨਾ ਕੋਈ ਧਰਮ ਹੈ, ਨਾ ਮਜ਼ਹਬ ਹੈ ਅਤੇ ਨਾ ਹੀ ਕੋਈ ਜਾਤ ਹੈ। ਜਿਵੇਂ ਲੋਹਾ, ਲੋਹੇ ਨੂੰ ਕੱਟਦਾ ਹੈ, ਜ਼ਹਿਰ, ਜ਼ਹਿਰ ਨੂੰ ਮਾਰਦਾ ਹੈ ਉਸੇ ਤਰ੍ਹਾਂ ਹੀ ਅਤਿਵਾਦ ਨੂੰ ਵੀ ਕੁਚਲਿਆ ਜਾਣਾ ਚਾਹੀਦਾ ਹੈ। ਪਿਛਲੇ 70 ਸਾਲਾਂ ਤੋਂ ਅਜਿਹਾ ਹੁੰਦਾ ਆ ਰਿਹਾ ਹੈ ਕਿ ਅਤਿਵਾਦੀ ਹਮੇਸ਼ਾ ਪਿੱਠ ਪਿੱਛੇ ਵਾਰ ਕਰਦੇ ਹਨ

ਇਸ ਦੇ ਲਈ ਯੋਜਨਾ ਬਣਾਉਣ ਦੀ ਲੋੜ ਹੈ ਤਾਂ ਜੋ ਹਮੇਸ਼ਾ ਦੀ ਤਰ੍ਹਾਂ ਜੋ ਹੁੰਦਾ ਆ ਰਿਹਾ ਹੈ ਅੱਗੇ ਤੋਂ ਨਾ ਹੋਵੇ। ਉਨ੍ਹਾਂ ਕਿਹਾ ਕਿ ਮੈਂ ਕਦੀ ਨਹੀਂ ਚਾਹਿਆ ਕਿ ਜੋ ਦੇਸ਼ ਦਾ ਬੁਰਾ ਕਰਦੇ ਹਨ ਉਨ੍ਹਾਂ ਨੂੰ ਬਖ਼ਸ਼ਿਆ ਜਾਵੇ। ਉਨ੍ਹਾਂ ਨੂੰ ਸਖ਼ਤ ਤੋਂ ਵੀ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਪੂਰੀ ਤਰ੍ਹਾਂ ਅਤਿਵਾਦ ਨੂੰ ਕੁਚਲਿਆ ਜਾਣਾ ਚਾਹੀਦਾ ਹੈ ਪਰ ਕੁਝ ਕੁ ਅਤਿਵਾਦੀਆਂ ਕਰਕੇ ਦੇਸ਼ ਦਾ ਵਿਕਾਸ ਨਹੀਂ ਰੁਕ ਸਕਦਾ।

ਸਿੱਧੂ ਦੇ ਪਾਕਿ ਜਾਣ ਨੂੰ ਲੈ ਕੇ ਉਠਾਏ ਜਾਣ ਵਾਲੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਮੈਨੂੰ ਪਾਕਿ ਵਲੋਂ ਬੁਲਾਇਆ ਗਿਆ, ਸੱਦੇ ਭੇਜੇ ਗਏ ਅਤੇ ਮੈਂ ਇਕ ਦੋਸਤ ਦੇ ਨਾਅਤੇ ਉੱਥੇ ਗਿਆ ਪਰ ਪ੍ਰਧਾਨ ਮੰਤਰੀ ਤਾਂ ਬਿਨਾਂ ਬੁਲਾਏ ਹੀ ਚਲੇ ਗਏ ਸੀ। ਉਸ ਤੋਂ ਬਾਅਦ ਜਦੋਂ ਪ੍ਰਧਾਨ ਮੰਤਰੀ ਵਾਪਸ ਆਏ ਤਾਂ ਪਠਾਨਕੋਟ ਹਮਲਾ ਹੋਇਆ। ਅਟਲ ਜੀ ਜਦੋਂ ਗਏ ਤਾਂ ਕਾਰਗਿੱਲ ਹਮਲਾ ਹੋਇਆ। ਜਦੋਂ ਮੈਂ ਵਾਪਸ ਆਇਆ ਤਾਂ ਸਮਰਥਨ ਦੀ ਆਵਾਜ਼ ਆਈ ਅਤੇ ਬਾਬਾ ਜੀ ਦਾ ਲਾਂਘਾ ਖੁੱਲ੍ਹ ਗਿਆ।

ਉਨ੍ਹਾਂ ਨੇ ਕਿਹਾ ਕਿ ਚਾਰ ਅਤਿਵਾਦੀਆਂ ਦੀ ਵਜ੍ਹਾ ਕਰਕੇ ਦੇਸ਼ ਦੇ ਕੰਮ ਨਹੀਂ ਰੁੱਕ ਸਕਦੇ ਅਤੇ ਸਿੱਖਾਂ ਦਾ ਲਾਂਘਾ ਖੁੱਲਣ ਤੋਂ ਨਹੀਂ ਰੁੱਕ ਸਕਦਾ। ਮੇਰੇ ਲਈ ਦੇਸ਼ ਸਭ ਤੋਂ ਪਹਿਲਾਂ ਹੈ ਜਿੰਨ੍ਹਾਂ ਨੇ ਦੇਸ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਨੂੰ ਕੁਚਲਿਆ ਜਾਣਾ ਚਾਹੀਦਾ ਹੈ।