ਸੰਗਰੂਰ: 4 ਮਾਸੂਮ ਬੱਚਿਆਂ ਦਾ ਕੀਤਾ ਗਿਆ ਅੰਤਿਮ ਸਸਕਾਰ

ਏਜੰਸੀ

ਖ਼ਬਰਾਂ, ਪੰਜਾਬ

ਦੱਸ ਦਈਏ ਕਿ ਇਸ ਹਾਦਸੇ ਵਿਚ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ

File Photo

ਸੰਗਰੂਰ: ਕੱਲ੍ਹ ਪੰਜਾਬ ਦੇ ਸੰਗਰੂਰ ਵਿੱਚ ਦੁਪਹਿਰ ਨੂੰ ਇੱਕ ਸਕੂਲ ਵੈਨ ਨੂੰ ਅੱਗ ਲੱਗ ਗਈ ਸੀ। ਹਾਦਸੇ ਵਿਚ 4 ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ ਸੀ ਤੇ ਅੱਜ ਕਰੀਬ 10 ਵਜੇ ਉਹਨਾਂ 4 ਬੱਚਿਆਂ ਦਾ ਸਸਕਾਰ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਇਸ ਹਾਦਸੇ ਵਿਚ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵੈਨ ਵਿਚ 12 ਬੱਚੇ ਸਨ। ਅੱਗ ਇੰਨੀ ਭਿਆਨਕ ਸੀ ਕਿ ਪੂਰੀ ਵੈਨ ਸੜ ਗਈ।

ਪੁਲਿਸ ਨੇ ਦੱਸਿਆ ਕਿ ਸਕੂਲ ਦੀ ਛੁੱਟੀ ਤੋਂ ਬਾਅਦ ਵੈਨ ਬੱਚਿਆਂ ਨਾਲ ਲੌਂਗੋਵਾਲ ਵੱਲ ਜਾ ਰਹੀ ਸੀ। ਰਸਤੇ ਵਿਚ ਪਿੰਡ ਕੇਹਰ ਸਿੰਘ ਨੇੜੇ ਵੈਨ ਵਿਚ ਅਚਾਨਕ ਅੱਗ ਲੱਗ ਗਈ। ਦੱਸ ਦਈਏ ਕਿ ਲੋਂਗੋਵਾਲ ਵਿਚ ਸਕੂਲ ਵੈਨ ਵਿਚ ਅੱਗ ਲਗਣ ਕਾਰਨ ਜ਼ਿੰਦਾ ਸੜੇ ਚਾਰ ਬੱਚਿਆਂ ਦੀ ਘਟਨਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਦੁਖ ਪ੍ਰਗਟਾਇਆ ਹੈ।

ਇਸ ਦੇ ਨਾਲ ਉਹਨਾਂ ਨੇ ਘਟਨਾ ਦੀ ਮਜਿਸਟ੍ਰੇਟ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਜਾਂਚ ਤੋਂ ਬਾਅਦ ਆਰੋਪੀਆਂ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜ਼ਿਲੇ ਦੇ ਕਸਬੇ ਅਟਾਰੀ 'ਚ ਸਾਲ 2016 ਸਤੰਬਰ ਦੇ ਮਹੀਨੇ 'ਚ ਇਕ ਪ੍ਰਾਈਵੇਟ ਸਕੂਲ ਦੀ ਵੈਨ ਸਰਹੱਦੀ ਪਿੰਡ ਮੁਹਾਵਾ ਦੀ ਡਿਫੈਂਸ ਡਰੇਨ 'ਚ ਜਾ ਡਿੱਗੀ ਸੀ,

ਜਿਸ ਨਾਲ ਇਸ ਵੈਨ ਵਿਚ ਸਵਾਰ 7 ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ। ਇਹ ਨਰਸਰੀ ਅਤੇ ਹੋਰ ਛੋਟੀਆਂ ਕਲਾਸਾਂ ਦੇ ਬੱਚੇ ਸਨ, ਜੋ ਬੱਸ 'ਚ ਸਵਾਰ ਸਨ। ਡਰੇਨ ਵਿਚ ਪਾਣੀ ਹੋਣ ਕਾਰਨ ਇਹ ਬੱਚੇ ਵੈਨ ਤੋਂ ਬਾਹਰ ਨਹੀਂ ਨਿਕਲ ਸਕੇ ਸਨ, ਜਿਸ ਨਾਲ ਉਨ੍ਹਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਸੀ। ਹਾਲਾਂਕਿ ਬੱਸ 'ਚ ਸਵਾਰ ਹੋਰ ਬੱਚੇ ਜੋ ਉਮਰ ਵਿਚ ਥੋੜ੍ਹੇ ਵੱਡੇ ਸਨ, ਉਨ੍ਹਾਂ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਡਰੇਨ 'ਚੋਂ ਬਾਹਰ ਕੱਢਿਆ ਗਿਆ ਸੀ।

ਇਸ ਮਾਮਲੇ ਵਿਚ ਸਕੂਲ ਵੈਨ ਸੇਫ ਸਕੂਲ ਵੈਨ ਅਭਿਆਨ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਹੀ ਸੀ, ਉਥੇ ਹੀ ਡਿਫੈਂਸ ਡਰੇਨ ਦੇ ਦੋਵੇਂ ਪਾਸੇ ਲੋਹੇ ਦੀ ਰੇਲਿੰਗ ਨਾ ਹੋਣਾ ਵੀ ਹਾਦਸੇ ਦਾ ਵੱਡਾ ਕਾਰਣ ਰਿਹਾ ਸੀ। ਇਸ ਦੁਰਘਟਨਾ ਤੋਂ ਬਾਅਦ ਹੁਣ ਤੱਕ ਚਾਰ ਸੌ ਤੋਂ ਜ਼ਿਆਦਾ ਸਕੂਲ ਵੈਨਾਂ ਨੂੰ ਜਾਂ ਤਾਂ ਬੰਦ ਕੀਤਾ ਜਾ ਚੁੱਕਿਆ ਹੈ ਜਾਂ ਫਿਰ ਵੱਡੇ ਚਲਾਨ ਕੱਟੇ ਗਏ ਹਨ।

ਇਸ ਮਾਮਲੇ ਤੋਂ ਬਾਅਦ ਹਾਈਕੋਰਟ ਵੱਲੋਂ ਵੀ ਨਿਰਦੇਸ਼ ਜਾਰੀ ਕੀਤੇ ਗਏ ਸਨ ਕਿ ਕਿਸੇ ਵੀ ਸਕੂਲ ਵੈਨ ਨੂੰ ਜਿਸ ਨੂੰ ਟਰਾਂਸਪੋਰਟ ਵਿਭਾਗ ਬੰਦ ਕਰਦਾ ਹੈ। ਉਸ ਨੂੰ ਤੱਦ ਤੱਕ ਨਾ ਛੱਡਿਆ ਜਾਵੇ, ਜਦੋਂ ਤੱਕ ਸਕੂਲ ਵੈਨ ਸਰਕਾਰ ਦੇ ਵੱਲੋਂ ਤੈਅ ਨਿਯਮਾਂ ਦਾ ਪਾਲਣ ਨਹੀਂ ਕਰਦੀ ਹੈ।