'ਆਪ' ਪਾਰਟੀ ਦੀ ਦਿੱਲੀ ਜਿੱਤ ਦਾ ਪੰਜਾਬ 'ਤੇ ਕੋਈ ਅਸਰ ਨਹੀਂ ਪਵੇਗਾ : ਸੁਖਬੀਰ ਬਾਦਲ
ਕਾਂਗਰਸੀ ਨੇਤਾ ਦੇ ਘਰ ਪਹੁੰਚਣ ਤੇ ਚਰਚਾ ਛਿੜੀ
ਜ਼ੀਰਕਪੁਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹੋਈ ਵੱਡੀ ਜਿੱਤ ਦਾ ਪੰਜਾਬ ਤੇ ਕੋਈ ਅਸਰ ਨਹੀ ਪਏਗਾ। ਸ੍ਰੀ ਬਾਦਲ ਵੱਲੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਜਸਪਾਲ ਸਿੰਘ ਜ਼ੀਰਕਪੁਰ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਲੜਕੇ ਦੇ ਵਿਆਹ ਦੀ ਵਧਾਈ ਦੇਣ ਲਈ ਪਹੁੰਚਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਐਨ.ਕੇ. ਸ਼ਰਮਾ ਵੀ ਹਾਜ਼ਰ ਸਨ। ਨਾਗਰਿਕਤਾ ਸੋਧ ਬਿੱਲ ਬਾਰੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਸ਼ੁਰੂ ਤੋਂ ਹੀ ਘੱਟ ਗਿਣਤੀ ਦੇ ਹੱਕ ਵਿੱਚ ਆਵਾਜ਼ ਚੁੱਕਦਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਦਾ ਸਟੈਂਡ ਸਪਸ਼ਟ ਹੈ।
ਬਿਜਲੀ ਦੇ ਵਧ ਰੇਟਾਂ ਲਈ ਅਕਾਲੀ ਦਲ ਵੱਲੋਂ ਕੀਤੇ ਗਏ ਗਲਤ ਸਮਝੌਤਿਆਂ ਦੇ ਦੋਸ਼ਾਂ ਬਾਰੇ ਸ੍ਰੀ ਬਾਦਲ ਨੇ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਸਰਕਾਰ ਉਨ੍ਹਾਂ ਨੂੰ ਰੱਦ ਕਿਉਂ ਨਹੀ ਕਰਦੀ। ਸੂਬੇ ਅਤੇ ਵਿਸ਼ੇਸ਼ ਤੌਰ ਤੇ ਹਲਕਾ ਡੇਰਾਬੱਸੀ ਵਿੱਚ ਚਲ ਰਹੀ ਨਾਜਾਇਜ਼ ਮਾਈਨਿੰਗ ਲਈ ਉਨ੍ਹਾਂ ਨੇ ਸਿੱਧੇ ਤੌਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੰਮੇਦਾਰ ਠਹਿਰਾਉਂਦੇ ਕਿਹਾ ਕਿ ਹੁਣ ਕਾਂਗਰਸੀਆਂ ਨੂੰ ਦਿਖ ਗਿਆ ਹੈ
ਹੁਣ ਮੁੜ ਕੇ ਸੱਤਾ ਵਿੱਚ ਨਹੀ ਆਉਂਦੇ ਜਿਸ ਕਾਰਨ ਹੁਣ ਪੰਜਾਬ ਨੂੰ ਲੁੱਟਣ ਤੇ ਖੜੇ ਹਨ। ਇਸ ਮੌਕੇ ਸ੍ਰੀ ਬਾਦਲ ਵੱਲੋਂ ਹਲਕਾ ਵਿਧਾਇਕ ਸ੍ਰੀ ਸ਼ਰਮਾ ਨਾਲ ਇਥੋਂ ਦੀ ਪ੍ਰੀਤ ਕਲੋਨੀ ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਦੇ ਗ੍ਰਹਿ ਵਿਖੇ ਵੀ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ ਕਾਮਾ, ਬਲਜਿੰਦਰ ਸਿੰਘ ਬੱਲੀ, ਹਰਚਰਨ ਸਿੰਘ ਦਿਆਲਪੁਰਾ ਤੋਂ ਇਲਾਵਾ ਹੋਰ ਵੀ ਕਾਂਗਰਸੀ ਆਗੂ ਹਾਜ਼ਰ ਸਨ।