ਪ੍ਰਕਾਸ਼ ਸਿੰਘ ਬਾਦਲ ਸਾਡੇ ਵੱਡੇ ਭਰਾ ਸਨ ਪਰ ਸੁਖਬੀਰ ਤਾਂ ਸਾਡਾ ਬੱਚਾ ਹੈ-ਮਿੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਜਪਾ ਨੇ ਅਕਾਲੀ ਦਲ ਨੂੰ 50:50 ਦੇ ਫ਼ਾਰਮੂਲੇ ਦਾ ਸੰਦੇਸ਼ ਦੇ ਦਿਤਾ ਹੈ : ਮਿੱਤਲ

Photo

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੀ ਕਮਜ਼ੋਰ ਹੋਈ ਹਾਲਤ ਕਾਰਨ ਹੁਣ ਭਾਜਪਾ ਪੰਜਾਬ ਦੇ ਪ੍ਰਮੁੱਖ ਆਗੂ ਵੀ ਖੁਲ੍ਹ ਕੇ ਗਠਜੋੜ ਦੇ ਭਵਿੱਖ ਬਾਰੇ ਬੋਲਣ ਲੱਗੇ ਹਨ। ਭਾਜਪਾ ਪੰਜਾਬ ਦੇ ਪ੍ਰਮੁੱਖ ਨੇਤਾ ਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਨੂੰ 50:50 ਦੇ ਫ਼ਾਰਮੂਲੇ ਦਾ ਸਪੱਸ਼ਟ ਸੰਦੇਸ਼ ਜਾ ਚੁਕਾ ਹੈ।

ਭਵਿੱਖ 'ਚ 59 ਸੀਟਾਂ ਤੇ ਲੜਨ ਲਈ ਭਾਜਪਾ ਤਿਆਰੀ ਕਰ ਰਹੀ ਹੈ ਤੇ ਇਸ ਬਾਰੇ ਪਾਰਟੀ ਹਾਈਕਮਾਨ ਨੂੰ ਵੀ ਜਾਣਕਾਰੀ ਦਿਤੀ ਜਾ ਚੁੱਕੀ ਹੈ। ਹਾਈ ਕਮਾਨ ਇਸ ਬਾਰੇ ਢੁਕਵੇਂ ਸਮੇਂ 'ਤੇ ਅੰਤਮ ਫ਼ੈਸਲਾ ਕਰੇਗੀ। ਉਨ੍ਹਾਂ ਕਿਹਾ ਕਿ ਸੰਭਾਵਿਤ 59 ਸੀਟਾਂ ਦੀ ਸ਼ਨਾਖ਼ਤ ਲਈ ਸਰਵੇ ਵੀ ਪਾਰਟੀ ਕਰਵਾ ਰਹੀ ਹੈ।

ਇਸ 'ਚ ਮਾਲਵਾ ਦੇ ਹਲਕੇ ਵੀ ਸ਼ਾਮਲ ਹਨ। ਮਿੱਤਲ ਨੇ ਇਹ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਸਾਡੇ ਵੱਡੇ ਭਰਾ ਸਨ ਜਿਸ ਕਰ ਕੇ ਉਨ੍ਹਾਂ ਦੀ ਗੱਲ ਮਨਦੇ ਸੀ ਪਰ ਹੁਣ ਰਿਸ਼ਤਾ ਵੱਡੇ ਭਰਾ ਵਾਲਾ ਨਹੀ ਅਤੇ ਸੁਖਬੀਰ ਬਾਦਲ ਤਾਂ ਸਾਡਾ ਬੱਚਾ ਹੈ।

ਦੂਜੇ ਪਾਸੇ ਭਾਜਪਾ ਨੇ ਅਲਾਪਿਆ ਇਕੱਲੇ ਸਰਕਾਰ ਬਣਾਉਣ ਦਾ ਰਾਗ

ਜਿੱਥੇ ਇਕ ਪਾਸੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ 50:50 ਦੇ ਫ਼ਾਰਮੂਲੇ ਦਾ ਸੰਦੇਸ਼ ਦੇ ਦਿਤਾ ਹੈ ਤਾਂ ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵੀ ਪੰਜਾਬ 'ਚ ਭਾਜਪਾ ਦੀ ਇਕੱਲੇ ਸਰਕਾਰ ਬਣਾਉਣ ਦਾ ਰਾਗ ਅਲਾਪਿਆ ਹੈ। ਦਰਅਸਲ ਅਜਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁਖੀ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਦਿਨ ਪਾਰਟੀ ਰੈਲੀ 'ਚ ਮੋਦੀ ਸਰਕਾਰ ਵਿਰੁਧ ਬਿਨਾ ਨਾਮ ਲਏ ਦੇਸ਼ ਦੀ ਮਾੜੀ ਹਾਲਤ ਬਾਰੇ ਦਿਤੇ ਬਿਆਨਾਂ ਤੋਂ ਬਾਅਦ ਹੋ ਰਿਹਾ ਹੈ।

ਇਸ ਤਰ੍ਹਾਂ ਦੀਆਂ ਸੁਰਾਂ ਭਾਈਵਾਲ ਪਾਰਟੀਆਂ ਚੋਣ ਉਠਣ ਬਾਅਦ ਹੁਣ 2022 ਦੀਆਂ ਚੋਣਾਂ 'ਚ ਪੰਜਾਬ ਅੰਦਰ ਸਿਆਸੀ ਸਮੀਕਰਨ ਬਦਲਣ ਨਾਲ ਕੁੱਝ ਨਵਾਂ ਹੀ ਹੋਣ ਦੀ ਚਰਚਾ ਸਿਆਸੀ ਹਲਕਿਆਂ 'ਚ ਜ਼ੋਰ ਫੜਨ ਲਗੀ ਹੈ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਸੂਬਾ ਦਫ਼ਤਰ ਪਹੁੰਚ ਕੇ ਪਾਰਟੀ ਸੰਗਠਨ ਦੇ ਮੁਦੇ 'ਤੇ ਮਹਿਲਾ, ਕਿਸਾਨ, ਯੁਵਾ, ਐਸ.ਸੀ. ਮੋਰਚਾ ਆਦਿ ਦੇ ਜ਼ਿਲ੍ਹਾ ਪ੍ਰਧਾਨ ਨਾਲ ਮੀਟਿੰਗ ਕਰ ਕੇ ਊਨਾ ਤੋਂ ਰਾਜ ਦੀ ਸਿਆਸੀ ਹਾਲਤ ਬਾਰੇ ਫੀਡ ਬੈਕ ਲਈ ਅਤੇ ਆਗੂਆਂ ਨੂੰ ਪਾਰਟੀ ਦੀ ਭਵਿੱਖੀ ਦੀ ਰਣਨੀਤੀ ਬਾਰੇ ਦਸਿਆ।

ਅਸ਼ਵਨੀ ਸ਼ਰਮਾ ਨੇ ਪਾਰਟੀ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਹਲਾਸ਼ੇਰੀ ਦਿੰਦਿਆਂ ਕਿਹਾ ਕਿ ਤੁਸੀਂ ਅਗਰ ਇਕਜੁਟ ਹੋ ਜੁਟ ਜਾਉ ਤਾਂ ਰਾਜ 'ਚ ਭਾਜਪਾ ਦੀ ਸਰਕਾਰ ਆਉਣ ਵਾਲੇ ਸਮੇਂ ਬਣਨੀ ਤੈਅ ਹੈ। ਅਸ਼ਵਨੀ ਸ਼ਰਮਾ ਨਾਲ ਪਾਰਟੀ ਦੇ ਸੰਗਠਨ ਸਕੱਤਰ ਦਿਨੇਸ਼ ਕੁਮਾਰ ਤੇ ਹੋਰ ਪ੍ਰਮੁੱਖ ਨੇਤਾ ਵੀ ਮੌਜੂਦ ਸਨ।