ਮੋਹਾਲੀ ਨਗਰ ਨਿਗਮ ਚੋਣਾਂ ਦੇ 18 ਫਰਵਰੀ ਨੂੰ ਆਉਣਗੇ ਨਤੀਜੇ, ਚੋਣ ਕਮਿਸ਼ਨ ਨੇ ਦੱਸੀ ਵਜ੍ਹਾਂ
ਰਾਜ ਚੋਣ ਕਮਿਸ਼ਨ ਵਲੋਂ 2 ਬੂਥਾਂ ਤੇ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ
ਚੰਡੀਗੜ੍ਹ : ਪੰਜਾਬ ਅੰਦਰ ਬੀਤੇ ਦਿਨ ਪਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਦੂਜੇ ਪਾਸੇ ਕੁੱਝ ਕੁ ਥਾਵਾਂ 'ਤੇ ਗੜਬੜੀ ਦੀਆਂ ਵਾਪਰੀਆਂ ਘਟਨਾਵਾਂ ਕਾਰਨ ਚੋਣ ਨਤੀਜਿਆਂ ਵਿਚ ਦੇਰੀ ਹੋ ਸਕਦੀ ਹੈ। ਜਿਹੜੀਆਂ ਥਾਵਾਂ ਦੇ ਚੋਣ ਨਤੀਜੇ ਲੇਟ ਹੋਣ ਦੀਆਂ ਕਿਆਸ-ਆਰਾਈਆਂ ਹਨ, ਉਨ੍ਹਾਂ ਵਿਚ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦੋ ਬੂਥ ਵੀ ਸ਼ਾਮਲ ਹਨ।
ਜਾਣਕਾਰੀ ਮੁਤਾਬਕ ਰਾਜ ਚੋਣ ਕਮਿਸ਼ਨ ਨੇ ਨਗਰ ਨਿਗਮ SAS ਨਗਰ ਦੇ 2 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਜਾਰੀ ਕੀਤੇ ਹਨ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਮੁਤਾਬਕ ਮਿਤੀ 16 ਫਰਵਰੀ 2021 ਨੂੰ ਸਬ ਡਵੀਜ਼ਨਲ ਮੈਜਿਸਟ੍ਰੇਟ ਕਮ ਰਿਟਰਨਿੰਗ ਅਫਸਰ SAS ਨਗਰ ਵਲੋਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਰਾਹੀਂ ਰਿਪੋਰਟ ਭੇਜੀ ਗਈ ਜਿਸ ਵਿਚ ਨਗਰ ਨਿਗਮ SAS ਨਗਰ ਦੇ ਵਾਰਡ ਨੰ: 10 ਦੇ ਬੂਥ ਨੰ: 32 ਅਤੇ 33 ਵਿਚ ਵੋਟਾਂ ਪੈਣ ਦੌਰਾਨ ਹੋਈਆਂ ਕੁਤਾਹੀਆਂ ਦਾ ਜ਼ਿਕਰ ਕੀਤਾ ਗਿਆ ਅਤੇ ਇਨ੍ਹਾਂ ਬੂਥਾਂ ਤੇ ਮੁੜ ਵੋਟਾਂ ਕਰਵਾਉਣ ਦੀ ਸਿਫਾਰਸ਼ ਕੀਤੀ ਗਈ ਸੀ ।
ਚੋਣ ਕਮਿਸ਼ਨ ਮੁਤਾਬਕ 2 ਬੂਥਾਂ ਤੇ ਪਹਿਲਾਂ ਪਈਆਂ ਵੋਟਾਂ ਨੂੰ ਰੱਦ ਕਰਦਿਆਂ ਇੱਥੇ ਨਵੇਂ ਸਿਰੇ ਤੋਂ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਦੋਵਾਂ ਬੂਥਾਂ ਤੇ ਹੁਣ ਮਿਤੀ 17 ਫਰਵਰੀ, 2021 ਨੂੰ ਸਵੇਰੇ 8.00 ਵਜੇ ਤੋ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ ਅਤੇ ਪਹਿਲਾਂ ਮਿੱਥੇ ਪ੍ਰੋਗਰਾਮ ਦੀ ਥਾਂ ਸਮੁੱਚੇ ਨਗਰ ਨਿਗਮ ਐਸ.ਏ.ਐਸ. ਨਗਰ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ ਹੁਣ ਗਿਣਤੀ 18 ਫਰਵਰੀ, 2021 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ।
ਕਾਬਲੇਗੌਰ ਹੈ ਕਿ ਮੋਹਾਲੀ ਦੇ ਇਨ੍ਹਾਂ ਵਾਰਡਾਂ ਵਿਚ ਵੋਟਾਂ ਦੌਰਾਨ ਹੰਗਾਮਾ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਕ ਧਿਰ ਦੇ ਵਿਅਕਤੀ 'ਤੇ ਚੋਣਾਂ ਦੌਰਾਨ ਪੈਸੇ ਵੰਡਣ ਦੇ ਦੋਸ਼ ਵੀ ਲੱਗੇ ਸਨ। ਇਸੇ ਤਰ੍ਹਾਂ ਪੰਜਾਬ ਦੇ ਹੋਰ ਕਈ ਥਾਈ ਵੀ ਗੜਬੜੀ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਨ੍ਹਾਂ ਥਾਵਾਂ 'ਤੇ ਵੀ ਵੋਟਾਂ ਦੁਬਾਰਾ ਕਰਵਾਉਣ ਦੀ ਮੰਗ ਉਠੀ ਸੀ।