ਅੱਜ ਹੋਵੇਗਾ ਹੋਲੇ ਮੁਹੱਲੇ ਦਾ ਸ਼ਾਨਦਾਰ ਆਗਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੇਲੇ 'ਚ ਸ਼ਾਮਲ ਹੋਣ ਵਾਲੀ ਲੱਖਾਂ ਦੀ ਗਿਣਤੀ ਵਿਚ ਸੰਗਤ ਲਈ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ

Holla Mohalla

 ਰੋਪੜ: ਛੇ ਦਿਨ ਚੱਲਣ ਵਾਲੇ ਹੋਲੇ ਮੁਹੱਲੇ ਮੇਲੇ ਦਾ ਪਹਿਲਾ ਪੜਾਅ ਤਿੰਨ ਦਿਨ ਲਈ ਕੀਰਤਪੁਰ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਮੇਲੇ 'ਚ ਸ਼ਾਮਲ ਹੋਣ ਵਾਲੀ ਲੱਖਾਂ ਦੀ ਗਿਣਤੀ ਵਿਚ ਸੰਗਤ ਲਈ ਪ੍ਰਸ਼ਾਸਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਹਨ ਤਾਂ ਜੋ ਮੇਲੇ 'ਚ ਦੇਸ਼- ਵਿਦੇਸ਼ ਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਹੋਲਾ ਮਹੱਲਾ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਜਵਾਨ ਤੈਨਾਤ ਕੀਤੇ ਗਏ ਹਨ। ਮੇਲੇ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਅਰਦਾਸ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ ਕਰਨਗੇ, ਜਿਸ ਦੇ ਭੋਗ 19 ਮਾਰਚ ਨੂੰ ਪਾਏ ਜਾਣਗੇ। ਉਪਰੰਤ ਅਨੰਦਪੁਰ ਸਾਹਿਬ ਦਾ ਅਗਲੇ ਤਿੰਨ ਦਿਨ ਦਾ ਹੋਲੇ ਮਹੱਲੇ ਦਾ ਮੇਲਾ 19 ਮਾਰਚ ਤੋਂ ਸ਼ੁਰੂ ਹੋ ਜਾਵੇਗਾ।

ਪ੍ਰਸ਼ਾਸਨ ਵੱਲੋਂ ਡੀਸੀ ਸੁਮੀਤ ਜਾਰੰਗਲ , ਐੱਸਐੱਸਪੀ ਸਵਪਨ ਸ਼ਰਮਾ ਤੇ ਐੱਸਡੀਐੱਮ ਕਨੂੰ ਗਰਗ ਤੇ ਐੱਸਪੀ ਨੇ ਪ੍ਰਬੰਧਾਂ ਦੀ ਕਮਾਨ ਖ਼ੁਦ ਆਪਣੇ ਹੱਥ 'ਚ ਲਈ ਹੈ। ਕੀਰਤਪੁਰ ਸਾਹਿਬ ਤੋਂ ਜਤਿਨ ਕਪੂਰ ਐੱਸਐੱਚਓ ਨੇ ਦੱਸਿਆ ਕਿ ਮੇਲੇ 'ਚ ਵੱਖ- ਵੱਖ ਥਾਂਵਾਂ 'ਤੇ ਤੈਨਾਤ ਮੁਲਾਜ਼ਮਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁੱਖ ਪਾਰਕਿੰਗ ਵਾਲੀਆਂ ਥਾਵਾਂ ਤੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ।