ਪੀਰ ਮੁਹੰਮਦ ਦਾ ਅਸਤੀਫ਼ਾ ਚੰਗਾ ਸੰਕੇਤ, ਹੋਰ ਪੰਥਕ ਜਥੇਬੰਦੀਆਂ ਵੀ ਏਕਤਾਂ ਲਈ ਅੱਗੇ ਆਉਣ : ਹਵਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਅਸਤੀਫ਼ੇ ਨੂੰ ਚੰਗਾ ਸੰਕੇਤ ਦੱਸਦੇ ਹੋਏ ਜਗਤਾਰ ਸਿੰਘ ਹਵਾਰਾ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ...

Bhai Karnail Singh Peer mohammad's resign good sign

ਚੰਡੀਗੜ੍ਹ (ਸਸਸ) : ਭਾਈ ਕਰਨੈਲ ਸਿੰਘ ਪੀਰ ਮੁਹੰਮਦ ਦੇ ਅਸਤੀਫ਼ੇ ਨੂੰ ਚੰਗਾ ਸੰਕੇਤ ਦੱਸਦੇ ਹੋਏ ਜਗਤਾਰ ਸਿੰਘ ਹਵਾਰਾ ਵਲੋਂ ਇਕ ਪੱਤਰ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਨੇ ਹੋਰ ਪੰਥਕ ਜਥੇਬੰਦੀਆਂ ਨੂੰ ਵੀ ਏਕਤਾ ਲਈ ਅੱਗੇ ਆਉਣ ਦੀ ਗੱਲ ਕਹੀ ਹੈ। ਪੱਤਰ ਵਿਚ ਉਨ੍ਹਾਂ ਨੇ ਕਿਹਾ, ਪੰਥ ਵਿਚ ਸਿਧਾਂਤਕ ਆਧਾਰ ਉੱਪਰ ਏਕਤਾ ਹਰ ਪੰਥ ਦਰਦੀ ਦੀ ਰੀਝ ਹੀ ਨਹੀਂ, ਸਗੋਂ ਲੋੜ ਵੀ ਹੈ। ਖੇਰੂੰ-ਖੇਰੂੰ ਹੋ ਕੇ ਵੀ ਸੰਘਰਸ਼ਸ਼ੀਲ ਕੌਮ ਓਨੀਆਂ ਪ੍ਰਾਪਤੀਆਂ ਨਹੀਂ ਕਰ ਸਕਦੀ, ਜਿੰਨੀਆਂ ਇਕ ਝੰਡੇ ਹੇਠ ਕਰ ਸਕਦੀ ਹੈ। ਇਸ ਲਈ ਪੰਥਕ ਏਕਤਾ ਹੀ ਸਾਡੀ ਸਭ ਦੀ ਚਾਹਤ ਅਤੇ ਲੋੜ ਹੈ।

ਕਿਸੇ ਵੀ ਸਾਂਝੇ ਮਕਸਦ ਦੀ ਪੂਰਤੀ ਲਈ ‘ਹਉਮੈ’ ਛੱਡ ਕੇ ‘ਤਿਆਗ’ ਵਿਖਾਇਆ ਜਾਣਾ ਬਹੁਤ ਜ਼ਰੂਰੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਈ ਕਰਨੈਲ ਸਿੰਘ ਦੀ ਤਰਜ਼ ‘ਤੇ ਹੋਰ ਜਥੇਬੰਦੀਆਂ ਨੂੰ ਵੀ ਆਪੋ-ਅਪਣੇ ਅਸਤੀਫ਼ੇ ਦੇ ਕੇ ਪੰਥਕ ਏਕਤਾ ਦੇ ਲਈ ਸਮਰਪਿਤ ਹੋਣਾ ਚਾਹੀਦਾ ਹੈ। ਇਸ ਪੱਤਰ ਵਿਚ ਉਨ੍ਹਾਂ ਨੇ ਕਿਹਾ, ਜੇਕਰ ਇਕਦਮ ਹੀ ਜਥੇਬੰਦਕ ਢਾਂਚੇ ਭੰਗ ਕਰਨੇ ਮੁਸ਼ਕਲ ਹਨ ਤਾਂ ਇਕ ਹੀ ਨਿਸ਼ਾਨੇ ਨੂੰ ਸਮਰਪਿਤ ਜਥੇਬੰਦੀਆਂ ਆਪੋ-ਅਪਣੇ ਜਥੇਬੰਦਕ ਢਾਂਚੇ ਕਾਇਮ ਰੱਖਦੇ ਹੋਏ ਸਿਧਾਂਤਕ ਏਕਤਾ ਅਤੇ ਗਠਜੋੜ ਵੱਲ ਵਧਣ।

ਇਸ ਪੱਤਰ ਦੇ ਅਖੀਰ ‘ਚ ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ, ਸਾਡੇ ਗੁਰੂ, ਸਾਡੇ ਪਿਤਾ ਗੁਰੂ ਗੋਬਿੰਦ ਜੀ ਨੇ ਇੰਨਾ ਤਿਆਗ ਵਿਖਾਇਆ ਕਿ ਉਨ੍ਹਾਂ ਨੇ ਗੁਰੂ ਵਾਲਾ ਰੁਤਬਾ ਤਿਆਗ ਕੇ ਅਪਣੇ ਆਪ ਨੂੰ ਪੰਥ ਦਾ ਚੇਲਾ ਅਖਵਾਉਣਾ ਵੀ ਪ੍ਰਵਾਨ ਕਰ ਲਿਆ, ਪਰ ਜੇ ਅਸੀਂ ਅੱਜ ਪੰਥ ਲਈ ਪ੍ਰਧਾਨਗੀਆਂ ਤੇ ਸਕੱਤਰੀਆਂ ਦਾ ਤਿਆਗ ਵੀ ਨਹੀਂ ਕਰ ਸਕਦੇ ਤਾਂ ਫਿਰ ਕਿਸ ਮੂੰਹ ਨਾਲ ਉਸ ਗੁਰੂ ਦੇ ਸਿੱਖ ਤੇ ਉਸ ਮਹਾਨ ਗੁਰੂ ਸਾਹਿਬ ਦੇ ਪੁੱਤਰ ਅਖਵਾਵਾਂਗੇ।