ਕੈਪਟਨ ਨੇ ਪੇਸ਼ ਕੀਤਾ ਤਿੰਨ ਸਾਲਾਂ ਦਾ ਰਿਪੋਰਟ ਕਾਰਡ, ਬਰਗਾੜੀ 'ਤੇ ਦਿੱਤਾ ਇਹ ਜਵਾਬ

ਏਜੰਸੀ

ਖ਼ਬਰਾਂ, ਪੰਜਾਬ

ਲੋਕਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ...

Punjab Chandigarh Captain amrinder singh press conference

ਚੰਡੀਗੜ੍ਹ: ਅੱਜ ਕੈਪਟਨ ਸਰਕਾਰ ਨੂੰ 3 ਸਾਲ ਪੂਰੇ ਹੋ ਚੁੱਕੇ ਹਨ। ਇਸ ਮੌਕੇ ਉਹਨਾਂ ਨੇ ਅਪਣੀਆਂ ਪ੍ਰਾਪਤੀਆਂ ਜਨਤਾ ਸਾਹਮਣੇ ਰੱਖੀਆਂ ਹਨ। ਉਹਨਾਂ ਨੇ ਇਸ ਸਬੰਧੀ ਪ੍ਰੈਸ ਕਾਨਫਰੰਸ ਪੰਜਾਬ ਭਵਨ ਵਿਚ ਰੱਖੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਕਾਂਗਰਸ ਦੇ 3 ਸਾਲ ਪੂਰੇ ਹੋਣ ਤੇ ਵੱਡੇ ਪੱਧਰ ਤੇ ਪ੍ਰੋਗਰਾਮ ਕਰਨਾ ਸੀ ਪਰ ਕੋਰੋਨਾ ਵਾਇਰਸ ਦੇ ਚਲਦੇ ਉਹਨਾਂ ਨੂੰ ਰੱਦ ਕਰਨਾ ਪਿਆ ਇਸ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ।

ਲੋਕਾਂ ਦੀ ਸੁਰੱਖਿਆ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਇਸ ਲਈ ਪ੍ਰੋਗਰਾਮ ਨੂੰ ਰੱਦ ਕਰਨਾ ਪਿਆ ਸੀ। ਇਸ ਦੇ ਨਾਲ ਉਹਨਾਂ ਨੇ ਪੰਜਾਬ ਵਿਚ ਗੈਂਗਸਟਰ ਅਤੇ ਰੇਤ, ਡਰੱਗ, ਟਰਾਂਸਪੋਰਟ ਮਾਫੀਆ ਨੂੰ ਵੱਡੀ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਇਕ ਪੁਰਾਣੇ ਫੌਜੀ ਹਨ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਉਹ ਨਹੀਂ ਛੱਡਣਗੇ।  ਉਹ ਪੰਜਾਬ ਵਿਚ ਕਿਸੇ ਵੀ ਤਰ੍ਹਾਂ ਦਾ ਮਾਫੀਆ ਨਹੀਂ ਚੱਲਣ ਦੇਣਗੇ। 

ਉਹਨਾਂ ਅੱਗੇ ਕਿਹਾ ਕਿ ਸਰਕਾਰ ਦੇ ਕਾਰਜਕਾਲ ਦੌਰਾਨ ਵੱਡੇ-ਵੱਡੇ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾਲ ਹੀ ਭਾਰੀ ਗਿਣਤੀ ਵਿਚ ਅਸਲੇ ਵੀ ਬਰਾਮਦ ਕੀਤੇ ਗਏ ਹਨ। ਉਹਨਾਂ ਦੀ ਸਰਕਾਰ ਨੇ ਟਾਰਗੇਟ ਕਿਲਿੰਗ ਦੇ ਮਾਮਲਿਆਂ ਨੂੰ ਸੁਲਝਾਇਆ ਹੈ। ਜੇ ਕੋਈ ਪੰਜਾਬ ਦੇ ਮਾਹੌਲ ਨੂੰ ਖਰਾਬ ਕਰੇਗਾ ਤਾਂ ਉਹ ਆਪ ਹੀ ਇਸ ਦਾ ਸਾਹਮਣਾ ਕਰ ਲੈਣਗੇ।

ਕਰਤਾਰਪੁਰ ਲਾਂਘੇ ਨੂੰ ਲੈ ਕੇ ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਲਚਲ ਮਚਾਈ ਹੋਈ ਹੈ ਜਿਸ ਦੇ ਮੱਦੇ ਨਜ਼ਰ ਕਰਤਾਰਪੁਰ ਲਾਂਘਾ ਵੀ ਬੰਦ ਕਰਨਾ ਪਿਆ ਪਰ ਹਾਲਾਤ ਠੀਕ ਹੋਣ ਤੇ ਇਸ ਨੂੰ ਖੋਲ੍ਹ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ 'ਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਖਿਲਾਫ ਸਖਤ ਕਦਮ ਚੁੱਕੇ ਗਏ ਹਨ।

ਕੈਪਟਨ ਨੇ ਕਿਹਾ ਕਿ ਬਹਿਬਲ ਕਲਾਂ ਅਤੇ ਬਰਗਾੜੀ ਮਾਮਲਿਆਂ ਦੀ ਜਾਂਚ ਵੀ ਛੇਤੀ ਹੀ ਨਿਪਟਾ ਲਈ ਜਾਵੇਗੀ ਅਤੇ ਕਿਸੇ ਵੀ ਹਾਲਤ 'ਚ ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ। ਕਾਂਗਰਸ ਸਰਕਾਰ ਵਲੋਂ ਪੰਜਾਬ ਦੇ ਹਰ ਪਿੰਡ 'ਚ ਇਕ ਪੁਲਸ ਅਫਸਰ ਦੀ ਡਿਊਟੀ ਲਾਈ ਗਈ ਹੈ, ਜੋ ਕਿ ਉਸ ਦਾ ਪਿੰਡ ਦੇ ਇੰਚਾਰਜ ਵਲੋਂ ਕੰਮ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਲੋਕ ਇਸ ਉਪਰਾਲੇ ਨੂੰ ਵਧੀਆ ਤਰੀਕੇ ਨਾਲ ਦੇਖ ਰਹੇ ਹਨ ਅਤੇ ਇਸ ਦੇ ਨਾਲ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਉਨ੍ਹਾਂ ਤੱਕ ਪਹੁੰਚ ਰਹੀਆਂ ਹਨ, ਜਿਨ੍ਹਾਂ ਨੂੰ ਹੱਲ ਕਰਨਾ ਸੌਖਾ ਹੋ ਜਾਂਦਾ ਹੈ। ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਕੈਪਟਨ ਸਾਬ੍ਹ ਨੇ ਕਿਹਾ ਕਿ ਉਹਨਾਂ ਨੇ ਸੂਬੇ ਦੇ 5 ਲੱਖ 62 ਹਜ਼ਾਰ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਿ ਹੈ ਅਤੇ ਬੇਜ਼ਮੀਨੇ ਕਿਸਾਨਾਂ ਨੂੰ ਵੀ ਸਰਕਾਰ ਨੇ ਰਾਹਤ ਦਿੱਤੀ ਹੈ।

ਮੌਸਮ ਖਰਾਬ ਹੋਣ ਕਰ ਕੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਦੇ ਚਲਦੇ ਉਹਨਾਂ ਵੱਲੋਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਹਨ। ਕੈਪਟਨ ਨੇ ਦੱਸਿਆ ਕਿ ਪੰਜਾਬ ਦੇ ਅਨਾਜ ਨਾਲ ਨੱਕੋ-ਨੱਕ ਭਰੇ ਗੋਦਾਮਾਂ ਨੂੰ ਖਾਲੀ ਕਰਾਉਣ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ ਗਈ ਸੀ।

ਜਿਸ ਤੋਂ ਬਾਅਦ 12 ਲੱਖ ਟਨ ਚੌਲ ਉੱਤਰ ਪ੍ਰਦੇਸ਼ ਨੂੰ ਭੇਜੇ ਜਾਣ ਦੀ ਇਜਾਜ਼ਤ ਮਿਲ ਗਈ ਸੀ ਅਤੇ ਹੁਣ ਨਵੇਂ ਅਨਾਜ ਲਈ ਪੰਜਾਬ ਦੇ ਗੋਦਾਮ ਖਾਲੀ ਹੋ ਗਏ ਹਨ। ਭਾਰਤ ਸਰਕਾਰ ਵੱਲੋਂ ਸਿਹਤ ਬੀਮਾ ਯੋਜਨਾ ਚਲਾਈ ਗਈ ਸੀ ਅਤੇ ਪੰਜਾਬ ਵਿਚ ਇਸ ਸਕੀਮ ਦਾ 46 ਲੱਖ ਪਰਾਵਾਰਾਂ ਨੂੰ ਲਾਭ ਮਿਲ ਰਿਹਾ ਹੈ ਜੋ ਕਿ 5 ਲੱਖ ਰੁਪਏ ਤਕ ਦਾ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਕਰਵਾ ਸਕਦੇ ਹਨ।

ਇਸ ਤੋਂ ਇਲਾਵਾ ਨਸ਼ਿਆਂ ਖਿਲਾਫ ਵੀ ਲੜਾਈ ਜਾਰੀ ਹੈ। ਨਸ਼ਿਆਂ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਜ਼ੀਰੋ ਟਾਲਰੈਂਸ ਨੀਤੀ ਤਹਿਤ ਪੰਜਾਬ ਪੁਲਿਸ ਵਿਚ ਸਪੈਸ਼ਲ ਟਾਸਕ ਫੋਰਸ ਦਾ ਵੀ ਗਠਨ ਕੀਤਾ ਗਿਆ ਹੈ ਅਤੇ 3 ਸਾਲਾਂ ਦੇ ਵਕਫੇ ਦੌਰਾਨ ਪੰਜਾਬ ਪੁਲਿਸ ਨੇ ਐਨ.ਡੀ.ਪੀ.ਸੀ. ਐਕਟ ਤਹਿਤ 34,372 ਕੇਸ ਦਰਜ ਕੀਤੇ ਗਏ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।