ਹਰਿਆਣਾ ਦੇ ਮੁੱਖ ਮੰਤਰੀ ਦੇ ਘਿਰਾਉ ਮਾਮਲੇ ਵਿਚ ਮਜੀਠੀਆ ਸਮੇਤ 9 ਅਕਾਲੀ ਵਿਧਾਇਕਾਂ ਵਿਰੁੱਧ ਮਾਮਲਾ ਦਰਜ
ਚੰਡੀਗੜ੍ਹ ਦੇ ਸੈਕਟਰ 3 ਦੇ ਪੁਲਿਸ ਸਟੇਸ਼ਨ 'ਚ ਵੱਖ-ਵੱਖ ਧਰਾਵਾਂ ਤਹਿਤ ਦਰਜ ਹੋਏ ਕੇਸ
ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਦੇ ਬਾਹਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਿਰਾਉ ਦੀ ਕੋਸ਼ਿਸ਼ ਕਰਨ ਵਾਲੇ ਅਕਾਲੀ ਵਿਧਾਇਕਾਂ ਖਿਲਾਫ਼ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਬੀਤੇ ਦਿਨੀਂ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਹਰਿਆਣਾ ਗ੍ਰਹਿ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਰਾਜੀਵ ਅਰੋੜਾ, ਮੁੱਖ ਸਕੱਤਰ ਅਰੁਣ ਗੁਪਤਾ, ਪੁਲਿਸ ਮੁਖੀ ਮਨੋਜ ਯਾਦਵ ਸਮੇਤ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਸਨ।
ਇਸ ਤੋਂ ਬਾਅਦ ਅੱਜ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਥਾਣੇ ਵਿਚ ਹਰਿਆਣਾ ਵਿਧਾਨ ਸਭਾ ਵੱਲੋਂ ਭੇਜੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਅਕਾਲੀ ਦਲ ਦੇ 9 ਵਿਧਾਇਕਾਂ ਖਿਲਾਫ਼ ਜਿਨ੍ਹਾਂ 4 ਧਰਾਵਾਂ ਤਹਿਤ ਮਾਮਲਾ ਦਰਜ ਹੋਇਆ ਹੈ, ਉਨ੍ਹਾਂ ਵਿਚ ਧਾਰਾ 186, 341, 511 ਅਤੇ 323 ਸ਼ਾਮਲ ਹਨ।
ਕਾਬਲੇਗੌਰ ਹੈ ਕਿ 10 ਮਾਰਚ ਨੂੰ ਵਿਧਾਨ ਸਭਾ ਭਵਨ ਵਿਖੇ ਪੰਜਾਬ ਦੇ ਅਕਾਲੀ ਦਲ ਨਾਲ ਸਬੰਧਤ ਵਿਧਾਇਕਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਿਰਾਉ ਦੀ ਕੋਸ਼ਿਸ਼ ਕੀਤਾ ਸੀ ।
ਅਕਾਲੀ ਵਿਧਾਇਕਾਂ ਨੇ ਇਹ ਕਦਮ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਚੁਕਿਆ ਸੀ। ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਕਾਲੇ ਝੰਡੇ ਲੈ ਕੇ ਪਹੁੰਚੇ ਇਨ੍ਹਾਂ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਘਿਰਾਉ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਮੌਕੇ 'ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਅਸਫ਼ਲ ਬਣਾ ਦਿਤਾ ਸੀ। ਇਸ ਦੌਰਾਨ ਵਿਧਾਇਕਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ ਸੀ।
ਇਸ 'ਤੇ ਇਤਰਾਜ਼ ਜ਼ਾਹਰ ਕਰਦਿਆਂ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਸਿੰਘ ਨਾਲ ਸੰਪਰਕ ਕੀਤਾ ਸੀ। ਸਪੀਕਰ ਨੇ ਆਪਣੇ ਪੱਤਰ ਲਿਖ ਕੇ ਇਸ ਮਾਮਲੇ ਵਿਚ ਸਖ਼ਤ ਕਦਮ ਚੁੱਕਣ ਦੀ ਬੇਨਤੀ ਕੀਤੀ ਸੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਘਟਨਾ 'ਤੇ ਦੁੱਖ ਜਾਹਰ ਕਰਦਿਆਂ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਕਦਮ ਚੁੱਕਣ ਦੀ ਗੱਲ ਕਹੀ ਸੀ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਵਿਧਾਇਕਾਂ ਦਾ ਅਜਿਹਾ ਕਰਨਾ ਪੂਰੀ ਤਰ੍ਹਾਂ ਗ਼ਲਤ ਹੈ ਅਤੇ ਵਿਧਾਇਕਾਂ ਨੇ ਕਿਸੇ ਵੀ ਸਮੇਂ ਆਉਣ-ਜਾਣ ਦੇ ਅਧਿਕਾਰ ਦਾ ਗਲ਼ਤ ਫਾਇਦਾ ਉਠਾਇਆ ਹੈ।