ਨਾਰਾਜ਼ ਸਾਰੇ ਕਾਂਗਰਸੀ ਨੇਤਾ ਮਨਾ ਲਏ ਹਨ : ਕੈਪਟਨ ਅਮਰਿੰਦਰ ਸਿੰਘ
ਸੰਗਰੂਰ, ਬਠਿੰਡਾ, ਫ਼ਰੀਦਕੋਟ, ਪਟਿਆਲਾ, ਲੁਧਿਆਣਾ ਸੀਟਾਂ ਤੋਂ ਆਏ ਵਿਧਾਇਕਾਂ ਨੂੰ ਸੁਣਿਆ - ਸਾਡਾ ਟੀਚਾ ਸਾਰੀਆਂ ਸੀਟਾਂ ਜਿੱਤਣਾ
ਚੰਡੀਗੜ੍ਹ : ਪੰਜਾਬ ਦੀਆਂ ਕੁਲ 13 ਸੀਟਾਂ ਵਿਚੋਂ 11 'ਤੇ ਉਮੀਦਵਾਰ ਐਲਾਨੇ ਜਾਣ ਉਪਰੰਤ ਸੱਤਾਧਾਰੀ ਕਾਂਗਰਸ ਵਿਚ ਉਠੀਆਂ ਬਾਗ਼ੀ ਸੁਰਾਂ ਦੇ ਚਲਦਿਆਂ ਅੱਜ ਕਾਂਗਰਸ ਭਵਨ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੀਨੀਅਰ ਕਾਂਗਰਸੀ ਨੇਤਾ ਸ. ਲਾਲ ਸਿੰਘ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ ਤੇ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਨਰਾਜ਼ ਲੀਡਰਾਂ ਨਾਲ ਵਾਰੀ ਵਾਰੀ ਗੱਲਬਾਤ ਕੀਤੀ, ਉਨ੍ਹਾਂ ਦਾ ਰੋਸ ਦੁਖ ਦਰਦ ਸੁਣਿਆ ਤੇ ਪੁਚਕਾਰ ਕੇ ਸ਼ਾਬਾਸ਼ ਦੇ ਕੇ ਪਾਰਟੀ ਵਾਸਤੇ ਕੰਮ ਕਰਨ ਲਈ ਕਿਹਾ।
ਕੁੱਝ ਦਿਨ ਪਹਿਲਾਂ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਵੀ ਨਰਾਜ਼ ਵਿਸ਼ੇਸ਼ ਕਰ ਕੇ ਪਿਛਨੀ ਜਾਤੀ ਤੇ ਅਨੁਸੂਚਿਤ ਜਾਤੀ ਦੇ ਕਾਂਗਰਸੀ ਨੇਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ 3-4 ਦਿਨਾਂ ਤੋਂ ਟਿਕਟ ਨਾ ਮਿਲਣ ਕਰ ਕੇ ਮਹਿੰਦਰ ਸਿੰਘ ਕੇ.ਪੀ., ਸੁਰਜੀਤ ਧੀਮਾਨ, ਸ਼ਮਸ਼ੇਰ ਸਿੰਘ ਦੂਲੋ ਦੀ ਧਰਮ ਪਤਨੀ ਅਤੇ ਹੋਰ ਕਾਂਗਰਸੀ ਨੇਤਾ ਗੁੱਸੇ ਵਿਚ ਨਰਾਜ਼ਗੀ ਭਰੇ ਬਿਆਨ ਦੇ ਰਹੇ ਹਨ ਅਤੇ ਸ਼ਰੇਆਮ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਵੇਲੇ ਅਨੁਸੂਚਿਤ ਜਾਤੀ ਦੇ ਪਿਛੜੇ ਵਰਗ ਦੇ ਨੇਤਾਵਾਂ ਨੂੰ ਕਾਂਗਰਸ ਦਰ ਕਿਨਾਰੇ ਕਰ ਰਹੀ ਹੈ।
ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ਟ ਕੀਤਾ ਕਿ ਅੱਜ ਦੋ ਢਾਈ ਘੰਟੇ ਲਾ ਕੇ ਸੰਗਰੂਰ, ਫ਼ਰੀਦਕੋਟ, ਬਠਿੰਡਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਸੀਟਾਂ ਹੇਠ ਪੈਂਦੇ ਇਲਾਕਿਆਂ ਤੋਂ ਆਏ ਕਾਂਗਰਸੀ ਲੀਡਰਾਂ, ਵਿਧਾਇਕਾ, ਸਾਬਕਾ ਵਿਧਾਇਕਾਂ ਤੇ ਹੋਰਨਾਂ ਦੇ ਗਿਲੇ ਸ਼ਿਕਵੇ ਧੀਰਜ ਨਾਲ ਸੁਣ ਲਏ ਹਨ। ਇਨ੍ਹਾਂ ਨੇਤਾਵਾਂ ਵਿਚ ਕਾਂਗਰਸੀ ਵਿਧਾਇਕ ਅਮਰਜਗੜ੍ਹ ਤੋਂ ਸੁਰਜੀਤ ਧੀਮਾਨ, ਬੱਲੂਆਣਾ ਰਿਜ਼ਰਵ ਤੋਂ ਵਿਧਾਇਕ ਨੱਥੂ ਰਾਮ, ਸ਼ੁਤਰਾਣਾ ਤੋਂ ਨਿਰਮਲ ਸਿੰਘ, ਬਾਘਾਪੁਰਾਣਾ ਤੋਂ ਦਰਸ਼ਨ ਬਰਾੜ, ਮੋਗਾ ਤੋਂ ਹਰਜੋਤ ਕੰਵਲ, ਧਰਮਕੋਟ ਤੋਂ ਵਿਧਾਇਕ ਸੁਖਜੀਤ ਕਾਕਾ ਲੋਹਗੜ੍ਹ, ਅੰਮ੍ਰਿਤਸਰ ਤੋਂ ਡਾ. ਰਾਜ ਕੁਮਾਰ ਵੇਰਕਾ, ਫ਼ਿਰੋਜ਼ਪੁਰ ਤੋਂ ਅਨੁਮੀਤ ਸੋਢੀ, ਬੰਗਾ-ਨਵਾਂਸ਼ਹਿਰ ਤੋਂ ਤਰਲੋਚਨ ਸੂੰਢ ਅਤੇ ਹੋਰ ਨੇਤਾ ਸ਼ਾਮਲ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 13 ਸੀਟਾਂ ਵਾਸਤੇ 180 ਦੇ ਕਰੀਬ ਨੇਤਾਵਾਂ ਨੇ ਅਰਜ਼ੀਆਂ ਦਿਤੀਆਂ ਸਨ, ਕਟੌਤੀ ਕਰ ਕੇ ਪ੍ਰਤੀ ਸੀਟ 40 ਦੇ ਕਰੀਬ ਨਾਮ ਲਿਸਟ ਵਿਚ ਰੱਖਣ ਉਪਰੰਤ ਵੱਧ ਤੋਂ ਵੱਧ ਸੀਟਾਂ ਜਿੱਤਣ ਦੇ ਮਨਸ਼ੇ ਅਨੁਸਾਰ 11 ਥਾਵਾਂ 'ਤੇ ਉਮੀਦਵਾਰ ਐਲਾਨ ਦਿਤੇ ਹਨ, ਬਾਕੀ ਦੋ ਸੀਟਾਂ ਬਠਿੰਡਾ ਤੇ ਫ਼ਿਰੋਜ਼ਪੁਰ ਵਾਸਤੇ ਦੋ ਦਿਨ ਬਾਅਦ ਫ਼ੈਸਲਾ ਕਰ ਲਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਜਿਸ ਵੀ ਨੇਤਾ ਨੂੰ ਟਿਕਟ ਨਹੀਂ ਦਿਤਾ ਜਾ ਸਕਿਆ, ਉਸ ਦੀ ਨਰਾਜ਼ਗੀ ਦੂਰ ਕਰਨੀ ਔਖੀ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਕੋਈ ਅਦਲਾ ਬਦਲੀ ਨਹੀਂ ਹੋਵੇਗੀ।
ਅਗਲੇ ਹਫ਼ਤੇ 20 ਅਪ੍ਰੈਲ ਤੋਂ ਪੰਜਾਬ ਵਿਚ ਨਾਮਜ਼ਦਗੀਆਂ ਸ਼ੁਰੂ ਹੋ ਜਾਣਗੀਆਂ ਅਤੇ 24 ਅਪ੍ਰੈਲ ਨੂੰ ਕੋਟਕਪੂਰਾ ਵਿਚ ਮਾਲਵੇ ਦੀ ਪਹਿਲੀ ਚੋਣ ਰੈਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਰੈਲੀ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਜਾਖੜ, ਆਸ਼ਾ ਕੁਮਾਰੀ, ਮਾਲਵੇ ਦੀਆਂ ਸੀਟਾਂ ਦੇ ਉਮੀਦਵਾਰ ਤੇ ਹੋਰ ਕਾਂਰਗਸੀ ਨੇਤਾ ਹਿੱਸਾ ਲੈਣਗੇ। ਅੱਜ ਕਾਂਗਰਸ ਭਵਨ ਵਿਚ ਪਟਿਆਲਾ ਤੇ ਸਮਾਣਾ ਤੋਂ ਕਈ ਬਾਗ਼ੀ ਨੇਤਾਵਾਂ ਨੂੰ ਕਾਂਗਰਸ ਵਿਚ ਰਲਾ ਲਿਆ ਗਿਆ।