ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਸੀਐਮ ਰਾਹਤ ਫੰਡ ਲਈ ਦਿੱਤੀ ਇਕ ਕਰੋੜ ਦੀ ਮਦਦ
ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ ਨੇ ਕੋਰੋਨਾ ਮਹਾਂਮਾਰੀ ਖਿਲਾਫ ਵਿੱਢੀ ਲੜਾਈ ਵਿਚ ਸੀਐਮ ਰਾਹਤ ਫੰਡ ਵਿਚ ਇਕ ਕਰੋੜ ਦੀ ਮਦਦ ਦਿੱਤੀ ਹੈ |
ਚੰਡੀਗੜ੍ਹ: ਪੰਜਾਬ ਰਾਜ ਕੰਟੇਨਰ ਅਤੇ ਵੇਅਰਹਾਊਸਿੰਗ ਕਾਰਪੋਰੇਸ਼ਨ (ਕੌਨਵੇਅਰ) ਨੇ ਕੋਰੋਨਾ ਮਹਾਂਮਾਰੀ ਖਿਲਾਫ ਵਿੱਢੀ ਲੜਾਈ ਵਿਚ ਪੰਜਾਬ ਸਰਕਾਰ ਦੇ ਹੱਥ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਰਾਹਤ ਫੰਡ ਵਿਚ ਇਕ ਕਰੋੜ ਰੁਪਏ ਦੀ ਮਦਦ ਦਿੱਤੀ ਹੈ | ਇਸ ਨਾਲ ਦੁਆਰਕਾ ਦਾਸ ਅਰੋੜਾ ਦੀ ਪ੍ਰਧਾਨਗੀ ਹੇਠ ਕੌਨਵੇਅਰ ਸੂਬੇ ਦੀ ਪਹਿਲੀ ਪਬਲਿਕ ਸੈਕਟਰ ਅੰਡਰਟੇਕਿੰਗ ਬਣ ਗਈ ਹੈ ਜਿਸ ਨੇ ਕੋਰੋਨਾ ਮਹਾਂਮਾਰੀ ਖਿਲਾਫ ਮੁੱਖ ਮੰਤਰੀ ਰਾਹਤ ਫੰਡ ਵਿਚ ਯੋਗਦਾਨ ਪਾਇਆ ਹੈ |
ਦੁਆਰਕਾ ਦਾਸ ਅਰੋੜਾ ਨੇ ਦੱਸਿਆ ਕਿ ਮੁੱਖ ਮੰਤਰੀ ਰਾਹਤ ਫੰਡ ਵਿਚ ਇਕ ਕਰੋੜ ਦਾ ਯੋਗਦਾਨ ਪਾਉਣ ਦਾ ਫੈਸਲਾ ਕੌਨਵੇਅਰ ਦੇ ਸਾਰੇ ਆਹੁਦੇਦਾਰਾਂ ਨੇ ਸਰਬਸੰਮਤੀ ਨਾਲ ਲਿਆ ਹੈ ਅਤੇ ਇਸ ਵਿਚ ਮੈਨੇਜਿੰਗ ਡਾਇਰੈਕਟਰ ਨੀਲਕੰਠ ਅਵਹਾੜ, ਵਧੀਕ ਮੈਨੇਜਿੰਗ ਡਾਇਰੈਕਟਰ ਯਸ਼ਨਜੀਤ ਸਿੰਘ ਅਤੇ ਬੋਰਡ ਆਫ ਡਾਇਰੈਕਟਰ ਨੇ ਵੀ ਹਾਮੀ ਭਰੀ ਹੈ | ਸਭ ਦਾ ਮੰਨਣਾ ਸੀ ਕਿ ਕੋਰੋਨਾ ਮਾਹਾਮਾਰੀ ਖਿਲਾਫ ਛਿੜੀ ਲੜਾਈ ਵਿਚ ਕੌਨਵੇਅਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸੂਬਾ ਸਰਕਾਰ ਦਾ ਸਮਰਥਨ ਕਰਨ ਲਈ ਇਕ ਮਜ਼ਬੂਤ ਕਦਮ ਪੁੱਟਣਾ ਚਾਹੀਦਾ ਹੈ |
ਅਰੋੜਾ ਨੇ ਇਹ ਵੀ ਕਿਹਾ ਕਿ ਮਹਾਮਾਰੀ ਖਿਲਾਫ ਮਜ਼ਬੂਤੀ ਨਾਲ ਲੜ ਰਹੀ ਸੂਬਾ ਸਰਕਾਰ ਕੋਲ ਹਾਲੇ ਵਿੱਤੀ ਸਰੋਤਾਂ ਦੀ ਘਾਟ ਹੈ ਅਤੇ ਹਰ ਪੰਜਾਬੀ ਨੂੰ ਇਸ ਮੁਸੀਬਤ ਦੀ ਘੜੀ ਵਿਚ ਸੂਬਾ ਸਰਕਾਰ ਦੀ ਪੂਰੀ ਮਦਦ ਕਰਨੀ ਚਾਹੀਦੀ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹਾਲੇ ਤੱਕ ਪੰਜਾਬ ਨੂੰ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਲੋੜੀਂਦੇ ਫੰਡ ਮੁਹੱਈਆ ਨਹੀਂ ਕਰਵਾਏ ਹਨ, ਹਾਲਾਂਕਿ ਰਾਜ ਸਰਕਾਰ ਵੱਲੋਂ ਫੰਡ ਜਾਰੀ ਕਰਨ ਸੰਬੰਧੀ ਕਈ ਪੇਸ਼ਕਾਰੀਆਂ ਕੀਤੀਆਂ ਜਾ ਚੁੱਕੀਆਂ ਹਨ।
ਅਰੋੜਾ ਨੇ ਇਹ ਵੀ ਕਿਹਾ ਕਿਹਾ ਕਿ ਪੰਜਾਬ ਨੂੰ ਆਪਣੀ ਲੜਾਈ ਆਪ ਲੜਨੀ ਪਏਗੀ ਅਤੇ ਸਾਰੇ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹਨ ਅਤੇ ਸਾਰੇ ਰੱਲ ਕੇ ਇਹ ਲੜਾਈ ਜਿੱਤਣਗੇ | ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜਿਸ ਨੇ ਇਸ ਮਹਾਂਮਾਰੀ ਦੇ ਪ੍ਰਕੋਪ ਦਾ ਅੰਦਾਜ਼ਾ ਪਹਿਲਾਂ ਹੀ ਲਗਾ ਲਿਆ ਸੀ ਅਤੇ ਸਮੇਂ ਰਹਿੰਦੇ ਕਰਫਿਊ ਵਰਗੇ ਮਜ਼ਬੂਤ ਕਦਮ ਚੁੱਕੇ ਜਿਸ ਨਾਲ ਲੱਖਾਂ ਲੋਕਾਂ ਦੀ ਜਾਨ ਬਚੀ ਹੋਈ ਹੈ ਜਿਸ ਲਈ ਸਾਰੇ ਸਰਕਾਰੀ ਵਿਭਾਗ ਚੰਗਾ ਕੰਮ ਕਰ ਰਹੇ ਹਨ ।
ਅਰੋੜਾ ਨੇ ਇਹ ਵੀ ਕਿਹਾ ਕਿ ਕੌਨਵੇਅਰ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਤੋਂ ਭਲੀਭਾਂਤ ਜਾਣੂ ਹੈ ਅਤੇ ਬਿਪਤਾ ਦੇ ਸਮੇਂ ਸਮਾਜ ਅਤੇ ਸਰਕਾਰ ਨੂੰ ਆਪਣੇ ਸਰੋਤਾਂ ਅਨੁਸਾਰ ਸੇਵਾ ਜਾਰੀ ਰੱਖੇਗੀ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਲੇਰਾਨਾ ਫੈਸਲੇ ਲਏ ਅਤੇ ਫਿਰ ਇਨ੍ਹਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ। ਪੰਜਾਬ ਪਹਿਲੇ ਸੂਬਿਆਂ ਵਿਚੋਂ ਇਕ ਸੀ ਜਿਸ ਨੇ ਰਾਜ ਵਿਚ ਮੁਕੰਮਲ ਤਾਲਾਬੰਦੀ ਲਾਗੂ ਕੀਤੀ ਜਿਸ ਨੇ ਕੋਰੋਨਾ ਵਿਸ਼ਾਣੂ ਦੇ ਫੈਲਣ ਤੋਂ ਰੋਕਣ ਵਿਚ ਸਹਾਇਤਾ ਕੀਤੀ | ਦੱਸਣਯੋਗ ਹੈ ਕਿ ਦੁਆਰਕਾ ਦਾਸ ਅਰੋੜਾ ਨੇ ਪਿਛਲੇ ਮਹੀਨੇ ਚੰਡੀਗੜ੍ਹ ਵਿਚ ਕੌਨਵੇਅਰ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ ਸੀ।