ਲੋਕਾਂ ਦਾ ਧਿਆਨ ਹਟਾਉਣ ਲਈ ਮੋਦੀ ਸਰਕਾਰ ਨੇ ਸਰਹੱਦ ‘ਤੇ ਪੈਦਾ ਕੀਤਾ ਤਣਾਅ: ਕੈਪਟਨ
ਲੋਕ ਸਭਾ ਹਲਕਾ ਪਟਿਆਲਾ ਤੋਂ ਉਮੀਦਵਾਰ ਪ੍ਰਨੀਤ ਕੌਰ ਲਈ ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਵਿਧਾਇਕ ਦੇ ਸਹਿਯੋਗ ਨਾਲ ਨਾਭਾ ਵਿਖੇ ਰੈਲੀ ਨੂੰ ਸੰਬੋਧਨ ਕੀਤਾ
ਨਾਭਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਅਤੇ ਚੀਨ ਨਾਲ ਤਣਾਅ ਨੂੰ ਵਧਾਉਣ ਲਈ ਮੋਦੀ ਸਰਕਾਰ ‘ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਇਸ ਨਾਲ ਪੰਜਾਬ ਦੇ ਸਰਹੱਦੀ ਸ਼ਹਿਰਾਂ ਅਤੇ ਦੇਸ਼ ਦੀ ਸੁਰੱਖਿਆ ਲਈ ਖਤਰਾ ਵਧ ਗਿਆ ਹੈ। ਨਾਭਾ ਵਿਖੇ ਅਪਣੀ ਪਤਨੀ ਅਤੇ ਪਟਿਆਲਾ ਤੋਂ ਕਾਂਗਰਸ ਦੀ ਲੋਕ ਸਭਾ ਉਮੀਦਵਾਰ ਪ੍ਰਨੀਤ ਕੌਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕੈਪਟਨ ਨੇ ਕਿਹਾ ਕਿ ਭਾਜਪਾ ਅਤੇ ਨਰਿੰਦਰ ਮੋਦੀ ਨੇ ਲੋਕਾਂ ਦਾ ਧਿਆਨ ਹਟਾਉਣ ਲਈ ਸਰਹੱਦ ‘ਤੇ ਤਣਾਅ ਵਧਾਉਣ ਦਾ ਏਜੰਡਾ ਬਣਾਇਆ ਹੈ।
ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਸਰਕਾਰ ਅਪਣੇ ਵਾਅਦਿਆਂ ਨੂੰ ਪੂਰਾ ਕਰਨ ਵਿਚ ਅਸਫਲ ਰਹੀ ਹੈ। ਉਹਨਾਂ ਕਿਹਾ ਕਿ ਵਾਹਘਾ ਬਾਡਰ ‘ਤੇ ਵਪਾਰ ਬੰਦ ਹੋਣ ਨਾਲ ਪੰਜਾਬ ਦੇ ਕਈ ਵਪਾਰੀਆਂ ਨੂੰ ਨੁਕਸਾਨ ਹੋਇਆ ਹੈ। ਲੋਕ ਸਭਾ ਹਲਕਾ ਪਟਿਆਲਾ ਵਿਖੇ ਦੇਖਿਆ ਗਿਆ ਕਿ ਪ੍ਰਨੀਤ ਕੌਰ ਨੂੰ ਨਾਭਾ ਦੇ ਐਮਐਲਏ ਕਾਕਾ ਰਣਵੀਰ ਸਿੰਘ ਨਾਭਾ ਦਾ ਵੀ ਪੂਰਾ ਸਮਰਥਨ ਮਿਲਿਆ। ਪਟਿਆਲਾ ਅਤੇ ਸੂਬੇ ਦੇ ਵਿਕਾਸ ਵਿਚ ਨਾਭੇ ਦੇ ਮਹੱਤਵ ਨੂੰ ਦਰਸਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਨਾਭੇ ਨਾਲ ਉਹਨਾਂ ਦਾ ਬਹੁਤ ਗਹਿਰਾ ਰਿਸ਼ਤਾ ਹੈ ਇਸੇ ਲਈ ਸਮੇਂ ਦੀ ਕਮੀ ਦੇ ਬਾਵਜੂਦ ਵੀ ਉਹ ਸ਼ਹਿਰ ਆਉਂਦੇ ਰਹਿੰਦੇ ਹਨ।
ਉਹਨਾਂ ਕਿਹਾ ਕਿ ਪਟਿਆਲਾ ਅਤੇ ਨਾਭਾ ਵਿਖੇ ਬੀਤੇ ਸਮੇਂ ਦੌਰਾਨ ਕਾਫੀ ਵਿਕਾਸ ਹੋਇਆ ਅਤੇ ਇਹ ਵਿਕਾਸ ਕਾਂਗਰਸ ਨੇ ਹੀ ਕਰਵਾਇਆ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਅਪਣੀ ਤਾਕਤ ਦੀ ਦੁਰਵਰਤੋਂ ਕਰਕੇ ਦੇਸ਼ ਨੂੰ ਧਰਮ ਅਤੇ ਜਾਤ ਦੇ ਅਧਾਰ ‘ਤੇ ਵੰਡ ਰਹੀ ਹੈ ਜਦਕਿ ਦੇਸ਼ ਦੇ ਲੋਕਾਂ ਨੂੰ ਸਕੂਲ, ਹਸਪਤਾਲ ਅਤੇ ਹੋਰ ਸਹੂਲਤਾਂ ਦੀ ਲੋੜ ਹੈ। ਉਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਕਿਸ ਤਰ੍ਹਾਂ ਦੀ ਸਰਕਾਰ ਚਾਹੁੰਦੇ ਹਨ। ਉਹਨਾਂ ਨੇ ਲੋਕਾਂ ਨੂੰ ਦੇਸ਼ ਬਚਾਉਣ ਲਈ ਕਿਹਾ।
ਕੈਪਟਨ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੀ ਅਰਥਵਿਵਸਥਾ ਨੂੰ ਵਿਗਾੜ ਦਿੱਤਾ ਹੈ। ਉਹਨਾ ਕਿਹਾ ਕਿ ਮੋਦੀ ਨੇ ਅੰਬਾਨੀ ਵਰਗੇ ਅਮੀਰ ਲੋਕਾਂ ਨੂੰ ਹੋਰ ਅਮੀਰ ਬਣਾ ਦਿੱਤਾ ਅਤੇ ਗਰੀਬਾਂ ਨੂੰ ਹੋਰ ਗਰੀਬ ਬਣਾ ਦਿੱਤਾ ਹੈ। ਸੂਬੇ ਨੂੰ ਬਰਬਾਦੀ ਦੀ ਰਾਹ ‘ਤੇ ਲਿਆਉਣ ਲਈ ਉਹਨਾਂ ਨੇ ਬਾਦਲਾਂ ‘ਤੇ ਵੀ ਹਮਲਾ ਕੀਤਾ। ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਲਈ ਕੁਝ ਨਹੀਂ ਕੀਤਾ ਅਤੇ ਨਾ ਹੀ ਪੰਜਾਬ ਦੇ ਕਿਸੇ ਮੁੱਦੇ ਲਈ ਕੇਂਦਰ ਵਿਚ ਅਵਾਜ਼ ਚੁੱਕੀ।
ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਵੋਟਾਂ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹ ਹੁਣ ਅਪਣੇ ਵਜੂਦ ਦੀ ਲੜਾਈ ਲੜ ਰਹੇ ਹਨ। ਇਸਦੇ ਨਾਲ ਹੀ ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ‘ਤੇ ਵੀ ਹਮਲਾ ਕੀਤਾ। ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਨੀਤ ਕੌਰ ਨੇ ਮੋਦੀ ਸਰਕਾਰ ਤੋਂ ਦੇਸ਼ ਨੂੰ ਮੁਕਤ ਕਰਨ ਲਈ ਲੋਕਾਂ ਦਾ ਸਮਰਥਨ ਮੰਗਿਆ। ਉਹਨਾਂ ਕਿਹਾ ਕਿ ਸਿਰਫ ਕਾਂਗਰਸ ਹੀ ‘ਨਿਆ’ ਲਿਆ ਸਕਦੀ ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1986 ਵਿਚ ਹੋਏ ਨਕੋਦਰ ਹੱਤਿਆ ਕਾਂਡ ਦੀ ਜਾਂਚ ਲਈ ਵੀ ਭਰੋਸਾ ਜਤਾਇਆ। ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਸਾਰੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਜ਼ਿੰਮੇਦਾਰਾਂ ਨੂੰ ਸਜ਼ਾ ਦੇਵੇਗੀ। 1984 ਸਿੱਖ ਕਤਲੇਆਮ ਬਾਰੇ ਪੁੱਛੇ ਗਏ ਸਵਾਲ ‘ਤੇ ਉਹਨਾਂ ਕਿਹਾ ਕਿ ਹਰ ਵਾਰ ਚੋਣਾਂ ਵਿਚ ਲਾਭ ਲੈਣ ਲਈ ਅਕਾਲੀ ਇਹ ਮੁੱਦਾ ਚੁੱਕਦੇ ਹਨ। ਉਹਨਾਂ ਨੇ ਕਿਹਾ ਕਿ ਐਫਆਈਆਰ ਵਿਚ ਆਰਐਸਐਸ ਦੇ ਆਗੂਆਂ ਦੇ ਨਾਂਅ ਵੀ ਸ਼ਾਮਿਲ ਸਨ। ਉਹਨਾਂ ਕਿਹਾ ਕਿ ਜ਼ਿੰਮੇਵਾਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ।