ਮੋਦੀ ਤੋਂ ਲੋਕ ਹੋਏ ਤੰਗ, ਝਾੜੂ ਪਹਿਲਾਂ ਹੀ ਖਿਲਰਿਆ, ਹੁਣ ਕਾਂਗਰਸ ਕਰੇਗੀ ‘ਨਿਆਂ’: ਰਾਜ ਕੁਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ ’ਚ ਡੋਰ-ਟੂ-ਡੋਰ ਮੁਹਿੰਮ ਚਲਾ ਰਹੇ ਰਾਜ ਕੁਮਾਰ ਚੱਬੇਵਾਲ

Raj Kumar Chabbewal

ਹੁਸ਼ਿਆਰਪੁਰ: ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਵਲੋਂ ਉਮੀਦਵਾਰ ਰਾਜ ਕੁਮਾਰ ਚੱਬੇਵਾਲ ਨੇ ‘ਸਪੋਕਸਮੈਨ ਵੈੱਬਟੀਵੀ’ ਤੇ ਇਕ ਖ਼ਾਸ ਇੰਟਰਵਿਊ ਦੌਰਾਨ ਪੰਜਾਬ ਦੀ ਸਿਆਸਤ ਅਤੇ ਕੇਂਦਰ ਦੀ ਸਿਆਸਤ ਨੂੰ ਲੈ ਕੇ ਕੁਝ ਅਹਿਮ ਤੱਥ ਲੋਕਾਂ ਸਾਹਮਣੇ ‘ਸਪੋਕਸਮੈਨ’ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦਈਏ ਕਿ ਗੱਲਬਾਤ ਦੌਰਾਨ ਉਹ ਅਪਣੇ ਹਲਕੇ ਵਿਚ ਡੋਰ-ਟੂ-ਡੋਰ ਜਾ ਕੇ ਪ੍ਰਚਾਰ ਕਰ ਰਹੇ ਸਨ। ਇਸ ਦੌਰਾਨ ਹੋਈ ਗੱਲਬਾਤ ਦੇ ਮੁੱਖ ਅੰਸ਼ ਕੁਝ ਇਸ ਤਰ੍ਹਾਂ ਹਨ।

ਸਵਾਲ: ਤੁਹਾਡਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ?

ਜਵਾਬ: ਅੱਜ ਸਾਡੀ ਸਮੁੱਚੀ ਕਾਂਗਰਸ ਲੀਡਰਸ਼ਿਪ ਪੰਜਾਬ, ਤਮਾਮ ਜਨਤਾ ਤੇ ਸਾਡੇ ਤਮਾਮ ਵਰਕਰਾਂ ਵਲੋਂ ਸ਼ਾਪ-ਟੂ-ਸ਼ਾਪ ਮਾਰਚ ਕੱਢਿਆ ਗਿਆ, ਜਿਸ ਵਿਚ ਅਸੀਂ ਸਾਰੇ ਦੁਕਾਨਦਾਰਾਂ ਨੂੰ ਮਿਲੇ ਤੇ ਉਨ੍ਹਾਂ ਵਿਚ ਉਤਸ਼ਾਹ ਨੂੰ ਵੇਖ ਕੇ ਲੱਗਦਾ ਹੈ ਕਿ ਉਹ ਮੋਦੀ ਦੀਆਂ ਨੀਤੀਆਂ ਤੋਂ ਬਹੁਤ ਪ੍ਰੇਸ਼ਾਨ ਹਨ ਤੇ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਲਈ ਅੱਜ ਵੀ ਲੋਕ ਡਾ. ਮਨਮੋਹਨ ਸਿੰਘ ਨੂੰ ਯਾਦ ਕਰਦੇ ਹਨ। ਲੋਕ ਕਾਂਗਰਸ ਦੀਆਂ ਨੀਤੀਆਂ ਤੋਂ ਖ਼ੁਸ਼ ਹਨ ਤੇ ਵਪਾਰੀ ਵੀ ਇਹੀ ਚਾਹੁੰਦੇ ਹਨ ਕਿ ਕਾਂਗਰਸ ਦੀ ਸਰਕਾਰ ਆਵੇ।

ਸਵਾਲ: ਤੁਸੀਂ ਇਨ੍ਹਾਂ ਚੋਣਾਂ ਵਿਚ ਮੁੱਖ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ?

ਜਵਾਬ: ਦੇਖੋ ਜੀ, ਪੰਜਾਬ ਦੇ ਵਿਚ ਕਾਂਗਰਸ ਦਾ ਮੁਕਾਬਲਾ ਹਮੇਸ਼ਾ ਅਕਾਲੀ-ਭਾਜਪਾ ਨਾਲ ਰਿਹਾ ਹੈ। ਹਾਂ, ਆਮ ਆਦਮੀ ਪਾਰਟੀ ਕਿਸੇ ਵੇਲੇ ਸੁਨਾਮੀ ਬਣ ਕੇ ਜ਼ਰੂਰ ਆਈ ਸੀ ਪਰ ਉਹ ਉਸੇ ਤਰ੍ਹਾਂ ਹੀ ਵਾਪਸ ਚਲੀ ਗਈ। ਇਸ ਲਈ ਅੱਜ ਦਾ ਮੁੱਖ ਮੁਕਾਬਲਾ ਅਕਾਲੀ-ਭਾਜਪਾ ਨਾਲ ਹੀ ਰਹੇਗਾ। ਪਰ ਕੈਪਟਨ ਅਮਰਿੰਦਰ ਸਿੰਘ ਜੀ ਦੀ ਸਰਕਾਰ ਦੀਆਂ ਪੰਜਾਬ ਵਿਚ ਜੋ ਪ੍ਰਾਪਤੀਆਂ ਹਨ, ਉਨ੍ਹਾਂ ਨੂੰ ਵੇਖਦੇ ਹੋਏ ਅਸੀਂ ਅਕਾਲੀ-ਭਾਜਪਾ ਤੋਂ ਬਹੁਤ ਅੱਗੇ ਹਾਂ ਤੇ ਬਹੁਤ ਵੱਡੇ ਫ਼ਰਕ ਨਾਲ ਅਸੀਂ ਜਿੱਤਾਂਗੇ ਕਿਉਂਕਿ ਕੈਪਟਨ ਸਰਕਾਰ ਨੇ ਜੋ ਕੀਤਾ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਡੇ ਵਰਕਰ ਸਾਥੀਆਂ ਤੇ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਰਾਹੁਲ ਗਾਂਧੀ ਜੀ ਨੇ ਜੋ ਮੈਨੀਫੈਸਟੋ ਦਿਤਾ ਹੈ, ਉਸ ਨੂੰ ਲੈ ਕੇ ਪੂਰਾ ਹਿੰਦੁਸਤਾਨ ਆਸਵੰਦ ਹੈ। ਇਸ ਲਈ ਮੈਨੂੰ ਪੂਰੀ ਆਸ ਉਮੀਦ ਹੈ ਕਿ ਅਸੀਂ ਮਿਸ਼ਨ-13 ਦੇ ਤਹਿਤ 13 ਦੀਆਂ 13 ਸੀਟਾਂ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗੇ।

ਸਵਾਲ: ਤੁਸੀਂ ਕਿਹੜੇ-ਕਿਹੜੇ ਮੁੱਦੇ ਲੈ ਕੇ ਲੋਕਾਂ ਵਿਚ ਵਿਚਰ ਰਹੇ ਹੋ?

ਜਵਾਬ: ਦੇਖੋ ਜੀ, ਜੋ ਸਾਡੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ, ਉਹ ਅਸੀਂ ਪੂਰੇ ਕੀਤੇ ਹਨ। ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਹਨ, 8 ਲੱਖ ਦੇ ਕਰੀਬ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਹੈ, ਵੀਆਈਪੀ ਕਲਚਰ ਖ਼ਤਮ ਕੀਤਾ ਹੈ, ਨਸ਼ਿਆਂ ਨੂੰ ਕਾਫ਼ੀ ਹੱਦ ਤੱਕ ਨੱਥ ਪਾਈ ਜਾ ਚੁੱਕੀ ਹੈ। ਇਸੇ ਤਰ੍ਹਾਂ ਹੀ ਰਾਹੁਲ ਗਾਂਧੀ ਜੀ ਦੀ ਸੋਚ ਹੈ, ਨਿਆਂ ਸਕੀਮ ਜਿਹੜੀ ਲੈ ਕੇ ਆਏ ਹਨ ਉਸ ਦੇ ਤਹਿਤ ਬਹੁਤ ਗਰੀਬ ਪਰਵਾਰਾਂ ਦੇ ਖ਼ਾਤਿਆਂ ਵਿਚ 72 ਹਜ਼ਾਰ ਰੁਪਏ ਸਲਾਨਾ ਪਾਇਆ ਜਾਵੇਗਾ। ਇਸੇ ਤਰ੍ਹਾਂ ਖ਼ਾਲੀ ਸਰਕਾਰੀ ਅਹੁਦਿਆਂ ਨੂੰ ਸਾਡੀ ਸਰਕਾਰ ਆਉਣ ’ਤੇ 6 ਮਹੀਨਿਆਂ ਦੇ ਵਿਚ ਭਰ ਦਿਤਾ ਜਾਵੇਗਾ।

ਕਿਸਾਨਾਂ ਦੇ ਲਈ ਅਲੱਗ ਤੋਂ ਬਜਟ ਤਿਆਰ ਕੀਤਾ ਜਾਵੇਗਾ। ਇਸ ਤਰ੍ਹਾਂ ਕਈ ਮੁੱਦੇ ਅਸੀਂ ਮੈਨੀਫੈਸਟੋ ਵਿਚ ਰੱਖੇ ਹਨ। ਜੀਐਸਟੀ ਵਿਚ ਸੋਧ ਕੀਤੀ ਜਾਵੇਗੀ ਤੇ ਬਹੁਤ ਹੋਰ ਕਈ ਮੁੱਦੇ ਅਸੀਂ ਮੁੱਖ ਰੱਖੇ ਹਨ। ਇਸ ਲਈ ਮੈਂ ਉਮੀਦ ਕਰਦਾ ਹਾਂ ਕਿ ਸਾਡਾ ਚੋਣ ਮਨੋਰਥ ਪੱਤਰ ਲੋਕਾਂ ਦੀਆਂ ਆਸ਼ਾਵਾਂ ’ਤੇ ਜ਼ਰੂਰ ਖਰਾ ਉਤਰੇਗਾ। ਅਸੀਂ ਇਸ ਮੈਨੀਫੈਸਟੋ ਦਾ ਹੈਡਿੰਗ ਦਿਤਾ ਹੈ ‘ਹਮ ਨਿਭਾਏਂਗੇ’, ਇਸ ਦਾ ਮਤਲਬ ਅਸੀਂ ਕਰਾਂਗਾ।

ਸਵਾਲ: ਲੋਕ ਇਲਜ਼ਾਮ ਲਗਾ ਰਹੇ ਹਨ ਕਿ 72 ਹਜ਼ਾਰ ਵਾਲਾ ਵਾਅਦਾ ਵੀ ਕਿਤੇ ਮੋਦੀ ਦੇ 15 ਲੱਖ ਵਾਲੇ ਵਾਅਦੇ ਦੀ ਤਰ੍ਹਾਂ ਹੀ ਨਾ ਬਣ ਜਾਵੇ?

ਜਵਾਬ: ਦੇਖੋ ਜੀ, ਲੋਕਾਂ ਨੇ ਪਹਿਲਾਂ ਮਨਰੇਗਾ ਵੇਖਿਆ ਹੋਇਆ ਹੈ ਤੇ ਮੋਦੀ ਨੇ ਵੀ ਮਨਰੇਗਾ ਵੇਖਿਆ ਹੋਇਆ ਹੈ। ਅਸੀਂ ਮਨਰੇਗਾ ਵਾਲਾ ਵਾਅਦਾ ਪਹਿਲਾਂ ਨਿਭਾਇਆ ਸੀ। ਅਸੀਂ ਮੋਦੀ ਨਹੀਂ ਹਾਂ ਅਸੀਂ ਕਾਂਗਰਸ ਹਾਂ, ਅਸੀਂ ਰਾਹੁਲ ਗਾਂਧੀ ਹਾਂ, ਅਸੀਂ ਸੋਨੀਆ ਗਾਂਧੀ ਹਾਂ, ਅਸੀਂ ਮਨਮੋਹਨ ਸਿੰਘ ਹਾਂ। ਅਸੀਂ ਪਹਿਲਾਂ ਵੀ ਮਨਰੇਗਾ ਲੈ ਕੇ ਆਏ ਸੀ, ਰਾਈਟ ਟੂ ਇਨਫਰਮੇਸ਼ਨ ਐਕਟ ਲੈ ਕੇ ਆਏ ਸੀ, ਰਾਈਟ ਟੂ ਐਜੂਕੇਸ਼ਨ ਐਕਟ ਲੈ ਕੇ ਆਏ ਸੀ ਤੇ ਹੁਣ ਵੀ ਜੋ ਅਸੀਂ ਨਿਆਂ ਲੈ ਕੇ ਆਏ ਹਾਂ ਇਹ ਨਿਆਂ ਅਸੀਂ ਜ਼ਰੂਰ ਦੇਵਾਂਗੇ।

ਸਵਾਲ: ਤੁਸੀਂ ਵਿਧਾਨ ਸਭਾ ਹਲਕਾ ਤੋਂ ਵਿਧਾਇਕ ਹੋ ਤੇ ਜੇ ਹੁਣ ਐਮ.ਪੀ. ਦੀ ਸੀਟ ਜਿੱਤਦੇ ਹੋ ਤਾਂ ਇਹ ਚੱਬੇਵਾਲ ਦੇ ਲੋਕਾਂ ਨਾਲ ਕਿਤੇ ਨਾ ਕਿਤੇ ਧੋਖਾ ਨਹੀਂ ਹੋਵੇਗਾ?

ਜਵਾਬ: ਦੇਖੋ ਜੀ, ਲੋਕਾਂ ਨੂੰ ਤਾਂ ਕੋਈ ਸਮੱਸਿਆ ਨਹੀਂ ਹੈ ਪਰ ਕੁਝ ਸਿਆਸੀ ਲੋਕਾਂ ਨੂੰ ਜ਼ਰੂਰ ਦਿੱਕਤਾਂ ਹਨ। ਮੈਂ ਪਹਿਲਾਂ ਵੀ ਚੱਬੇਵਾਲ ਤੋਂ ਵਿਧਾਇਕ ਸੀ ਤੇ ਜੇ ਹੁਣ ਐਮ.ਪੀ. ਬਣਦਾ ਹਾਂ ਤਾਂ ਵੀ ਚੱਬੇਵਾਲ ਮੇਰੇ ਲੋਕ ਸਭਾ ਖੇਤਰ ਦੇ ਵਿਚ ਹੀ ਆਵੇਗਾ।

ਸਵਾਲ: ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ, ਆਮ ਆਦਮੀ ਪਾਰਟੀ ਵੀ ਇਹੀ ਦਾਅਵਾ ਕਰ ਰਹੀ ਹੈ ਕਿ 13 ਦੀਆਂ 13 ਸੀਟਾਂ ਜਿੱਤਾਂਗੇ, ਕਿਸ ਦਾ ਦਾਅਵਾ ਸੱਚ ਮੰਨੀਏ?

ਜਵਾਬ: ਦੇਖੋ ਜੀ, ਇਨ੍ਹਾਂ ਨੇ ਤਾਂ ਮਿਸ਼ਨ-13 ਦੀ ਗੱਲ ਹੀ ਨਹੀਂ ਕੀਤੀ ਕਿਸੇ ਨੇ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਦਾਅਵਾ 13 ਸੀਟਾਂ ਦਾ ਕਰ ਰਹੀ ਹੈ ਪਰ ਉਹ ਦਾਅਵਾ 13 ਸੀਟਾਂ ਤੋਂ ਹਾਰਨ ਦਾ ਕਰ ਰਹੀਆਂ ਹਨ।

ਸਵਾਲ: ਮੋਦੀ ਦੇ 5 ਸਾਲਾਂ ਦੇ ਕੰਮ ਨੂੰ ਤੇ ਸੋਸ਼ਲ ਮੀਡੀਆ ’ਤੇ ਮੋਦੀ ਦੇ ਬਿਆਨਾਂ ਦੀ ਕਾਫ਼ੀ ਖਿੱਲੀ ਉਡਾਈ ਜਾ ਰਹੀ ਹੈ, ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ?

ਜਵਾਬ: ਦੇਖੋ ਜੀ, ਵਿਦੇਸ਼ੀ ਮੀਡੀਆ ਨੇ ਵੀ ਮੋਦੀ ਦੇ ਵਿਰੁਧ ਕਹਿ ਦਿਤਾ ਹੈ ਕਿ ‘ਹੀ ਇਜ਼ ਡਿਵਾਈਡਰ ਇਨ ਚੀਫ਼’। ਇਸ ਤੋਂ ਉਪਰ ਹੁਣ ਕੀ ਰਹਿ ਗਿਆ ਹੈ।