ਬੇਅਦਬੀ ਤੇ ਗੋਲੀਕਾਂਡ ਮਾਮਲਾ: ਸੁਖਬੀਰ ਦੀਆਂ ਫਿਰ ਵਧੀਆਂ ਮੁਸ਼ਕਿਲਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਟ ਨੇ ਮੰਗਿਆ ਬਹਿਬਲ ਕਲਾਂ ਕਾਂਡ ਤੋਂ 10 ਦਿਨ ਪਹਿਲਾਂ ਤੇ 10 ਦਿਨ ਬਾਅਦੇ ਦੇ ਸੁਖਬੀਰ ਦੇ ਸਮੁੱਚੇ ਦੌਰਿਆਂ ਦਾ ਵੇਰਵੇ

Sukhbir Badal

ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਿਲਾਂ ਇਕ ਵਾਰ ਫਿਰ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਬੇਅਦਬੀ ਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਪੰਜਾਬ ਦੇ ਪ੍ਰਮੁੱਖ ਸਕੱਤਰ ਤੋਂ ਸੁਖਬੀਰ ਬਾਦਲ ਦੇ ਬਹਿਬਲ ਕਲਾਂ ਕਾਂਡ ਤੋਂ 10 ਦਿਨ ਪਹਿਲਾਂ ਤੇ 10 ਦਿਨ ਬਾਅਦ ਦੇ ਸਮੁੱਚੇ ਦੌਰਿਆਂ ਤੇ ਸਮਾਗਮਾਂ ਦਾ ਵੇਰਵਾ ਮੰਗਿਆ ਹੈ।

ਸੁਖਬੀਰ ਬਾਦਲ ਬੇਸ਼ੱਕ ਪਹਿਲਾਂ ਐਸਆਈਟੀ ਦੇ ਸਾਹਮਣੇ ਅਪਣਾ ਪੱਖ ਰੱਖ ਚੁੱਕੇ ਹਨ ਪਰ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਂਚ ਉਨ੍ਹਾਂ ਲਈ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਸੂਤਰਾਂ ਮੁਤਾਬਕ, ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਨੂੰ ਜਾਰੀ ਕੀਤੇ ਸਰਕਾਰੀ ਵਾਹਨਾਂ ਦੀ ਲਿਸਟ ਤੇ ਖ਼ੁਫ਼ੀਆ ਤੰਤਰ ਤੋਂ ਉਨ੍ਹਾਂ ਦੇ ਅਕਤੂਬਰ 2015 ਦੌਰਾਨ ਦੌਰਿਆਂ ਦੇ ਵੇਰਵਿਆਂ ਦੀ ਰਿਪੋਰਟ ਮੰਗੀ ਹੈ। ਦਰਅਸਲ, ਐਸਆਈਟੀ ਨੂੰ ਸਬੂਤ ਮਿਲੇ ਹਨ ਕਿ ਇਸ ਸਾਰੇ ਘਟਨਾਕ੍ਰਮ ਦਾ ਸਬੰਧ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਰਿਲੀਜ਼ ਕਰਵਾਉਣ ਤੇ ਉਸ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦਵਾਉਣ ਦੇ ਮਾਮਲੇ ਨਾਲ ਜੁੜਿਆ ਹੈ।

ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨਿੱਜੀ ਤੌਰ ‘ਤੇ ਜਾਂਚ ਟੀਮ ਸਾਹਮਣੇ ਪੇਸ਼ ਹੋ ਚੁੱਕੇ ਹਨ ਅਤੇ ਪੜਤਾਲ ਦੌਰਾਨ ਉਨ੍ਹਾਂ ਨੇ ਇਹ ਮੰਨਿਆ ਸੀ ਕਿ ਜਦੋਂ ਬਹਿਬਲ ਕਾਂਡ ਵਾਪਰਿਆ ਉਸ ਸਮੇਂ ਉਹ ਪੰਜਾਬ ਵਿਚ ਨਹੀਂ ਸੀ। ਸੂਤਰਾਂ ਮੁਤਾਬਕ, ਸੁਖਬੀਰ ਬਾਦਲ 8 ਲੈ ਕੇ 14 ਅਕਤੂਬਰ 2015 ਤੱਕ ਪੰਜਾਬ ਵਿਚ ਨਹੀਂ ਸੀ। ਇਹ ਗੱਲ ਸੁਖਬੀਰ ਬਾਦਲ ਨੇ ਮੰਨੀ ਸੀ ਪਰ ਜਾਂਚ ਟੀਮ ਨੂੰ ਅਜੇ ਤੱਕ ਇਸ ਗੱਲ ਬਾਰੇ ਪੂਰੀ ਸੂਚਨਾ ਨਹੀਂ ਹੈ ਕਿ ਸੁਖਬੀਰ ਦੇ ਅਕਤੂਬਰ 2015 ਦੇ ਪੂਰੇ ਰੁਝੇਵੇਂ ਕੀ ਸਨ ਤੇ ਉਹ ਪੰਜਾਬ ਤੋਂ ਬਾਹਰ ਕਿੱਥੇ-ਕਿੱਥੇ ਤੇ ਕਿਸ ਮਕਸਦ ਲਈ ਗਏ ਤੇ ਉਸ ਦੌਰਾਨ ਕਿਸ-ਕਿਸ ਨਾਲ ਮੁਲਾਕਾਤਾਂ ਕੀਤੀਆਂ।

ਇਹ ਵੀ ਦੱਸ ਦਈਏ ਕਿ ਜਾਂਚ ਟੀਮ ਵਲੋਂ ਤਲਬ ਕੀਤੇ ਗਏ ਹੁਣ ਤੱਕ 200 ਤੋਂ ਵੱਧ ਗਵਾਹਾਂ ਦੇ ਬਿਆਨ ਲਿਖਣ ਤੋਂ ਬਾਅਦ ਇਕ ਇਹ ਤੱਥ ਸਾਹਮਣੇ ਆਇਆ ਹੈ ਕਿ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਫ਼ਿਲਮ ਰਿਲੀਜ਼ ਕਰਵਾਉਣ ਤੇ ਉਸ ਨੂੰ ਮਾਫ਼ੀ ਦੇਣ ਵਿਚ ਸੁਖਬੀਰ ਸਿੰਘ ਬਾਦਲ ਤੇ ਅਦਾਕਾਰ ਅਕਸ਼ੈ ਕੁਮਾਰ ਦਰਮਿਆਨ ਮੀਟਿੰਗਾਂ ਹੋਈਆਂ ਸਨ ਤੇ ਅਕਸ਼ੈ ਕੁਮਾਰ ਨੇ ਇਸ ਵਿਚ ਵਿਚੋਲਗੀ ਕੀਤੀ ਸੀ।

ਜਾਂਚ ਟੀਮ ਬਹਿਬਲ ਕਾਂਡ ਤੇ ਬੇਅਦਬੀ ਕਾਂਡ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਮਾਫ਼ੀ ਦੇਣ ਤੇ ਉਸ ਦੀ ਫ਼ਿਲਮ ਰਿਲੀਜ਼ ਕਰਵਾਉਣ ਦੇ ਮਾਮਲੇ ਨਾਲ ਜੋੜ ਕੇ ਦੇਖ ਰਹੀ ਹੈ। ਹੁਣ ਸਿੱਟ ਇਸ ਕੜੀ ਨੂੰ ਹੀ ਜੋੜਨ ਵਿਚ ਅਪਣੀ ਪੂਰੀ ਵਾਹ ਲਾ ਰਹੀ ਹੈ।