ਸਪੀਕਰ ਸਾਬ੍ਹ ਦਲ ਬਦਲੂਆਂ 'ਤੇ ਦਿਖਾ ਰਹੇ ਹਨ ਖ਼ਾਸ ਮਿਹਰਬਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸਤੀਫ਼ੇ ਮਨਜ਼ੂਰ ਕਰਨ ਦੀ ਬਜਾਏ ਬਣਾਏ ਕਮੇਟੀਆਂ ਦੇ ਮੈਂਬਰ

Harvinder Singh Phoolka

ਮੋਹਾਲੀ- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਆਲਮ ਹੀ ਨਿਰਾਲਾ ਹੈ। 2017 ਵਿਚ ਜਿੱਤੇ ਕਿੰਨੇ ਹੀ ਵਿਧਾਇਕ ਜਿੱਥੇ ਧੜਾਧੜ ਅਸਤੀਫ਼ੇ ਦੇ ਰਹੇ ਹਨ ਅਤੇ ਦੂਜੀਆਂ ਪਾਰਟੀਆਂ ਖ਼ਾਸ ਕਰਕੇ ਕਾਂਗਰਸ ਵੀ ਜੁਆਇਨ ਕਰ ਰਹੇ ਹਨ। ਉਨ੍ਹਾਂ ਦੇ ਅਸਤੀਫ਼ੇ ਮਨਜ਼ੂਰ ਕਰਨ ਦੀ ਬਜਾਏ ਸਪੀਕਰ ਸਾਬ੍ਹ ਉਨ੍ਹਾਂ ਨੂੰ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਮੈਂਬਰੀਆਂ ਨਾਲ ਨਿਵਾਜ਼ ਰਹੇ ਹਨ। ਇਸ ਦੀ ਪ੍ਰਤੱਖ ਮਿਸਾਲ ਸਪੀਕਰ ਸਾਬ੍ਹ ਵੱਲੋਂ ਗਠਿਤ ਕੀਤੀਆਂ 13 ਵੱਖ-ਵੱਖ ਕਮੇਟੀਆਂ ਦੇ ਮੈਂਬਰਾਂ ਦੇ ਰੂਪ ਵਿਚ ਦੇਖੀ ਜਾ ਸਕਦੀ ਹੈ।

ਸਭ ਤੋਂ ਵੱਧ ਸਪੀਕਰ ਸਾਬ੍ਹ ਦੀ ਮਿਹਰਬਾਨੀ ਸੁਖਪਾਲ ਸਿੰਘ ਖਹਿਰਾ 'ਤੇ ਕੀਤੀ ਗਈ ਹੈ ਜੋ ਕਿ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤੇ, ਨੇਤਾ ਵਿਰੋਧੀ ਧਿਰ ਬਣੇ ਅਹੁਦੇ ਤੋਂ ਲਾਹੇ ਜਾਣ 'ਤੇ ਬਗ਼ਾਵਤ ਕੀਤੀ, ਫਿਰ ਨਵੀਂ ਪਾਰਟੀ ਬਣਾਈ। ਇਸ ਤੋਂ ਬਾਅਦ ਫਿਰ ਲੋਕ ਸਭਾ ਦੀਆਂ ਚੋਣਾਂ ਲੜੀਆਂ ਅਤੇ ਅਪਣੀ ਮਰਜ਼ੀ ਦੇ ਫਾਰਮੈਟ 'ਚ ਅਸਤੀਫ਼ਾ ਦਿੱਤਾ। ਇੰਨਾ ਕੁੱਝ ਹੋਣ ਦੇ ਬਾਵਜੂਦ ਸਪੀਕਰ ਸਾਬ੍ਹ ਅਪਣੇ ਇਸ ਪੁਰਾਣੇ ਕਾਂਗਰਸੀ ਸਾਥੀ ਸੁਖਪਾਲ ਸਿੰਘ ਖਹਿਰਾ 'ਤੇ ਮਿਹਰਬਾਨੀ ਕਰਦੇ ਹੋਏ ਉਨ੍ਹਾਂ ਦਾ ਅਸਤੀਫ਼ਾ ਮਨਜ਼ੂਰ ਕਰਨ ਦੀ ਬਜਾਏ ਉਨ੍ਹਾਂ ਨੂੰ ਲਗਾਤਾਰ ''ਤਰੀਕ 'ਤੇ ਤਰੀਕ-ਤਰੀਕ 'ਤੇ ਤਰੀਕ'' ਦਿੰਦੇ ਆ ਰਹੇ ਹਨ, ਹੋਰ ਤਾਂ ਹੋਰ ਉਨ੍ਹਾਂ ਨੇ ਸੁਖਪਾਲ ਖਹਿਰਾ 'ਤੇ ਵਿਧਾਨ ਸਭਾ ਦੀ ਇਕ ਅਹਿਮ ਕਮੇਟੀ ਦੀ ਮੈਂਬਰੀ ਤੱਕ ਦੀ ਬਖ਼ਸ਼ਿਸ਼ ਕਰ ਦਿੱਤੀ।

ਇੰਨਾ ਹੀ ਨਹੀਂ ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ 'ਤੇ ਵੀ ਸਪੀਕਰ ਸਾਬ੍ਹ ਦੀ ਖ਼ਾਸ ਨਜ਼ਰ-ਏ-ਇਨਾਇਤ ਵੇਖਣ ਨੂੰ ਮਿਲ ਰਹੀ ਹੈ। ਉਹ ਵੀ ਉਦੋਂ ਜਦੋਂ ਸੁਖਪਾਲ ਖਹਿਰਾ ਵੱਲੋਂ ਨਵੀਂ ਪਾਰਟੀ ਦਾ ਗਠਨ ਕਰਕੇ ਚੋਣ ਵੀ ਲੜ ਲਈ ਜਾ ਚੁੱਕੀ ਹੋਵੇ ਅਤੇ ਉਹ ਦਲ ਬਦਲੂ ਕਾਨੂੰਨ ਦੇ ਸਪੱਸ਼ਟ ਉਲੰਘਣਾਕਾਰ ਸਾਬਤ ਹੋ ਚੁੱਕੇ ਹਨ ਅਜਿਹੇ ਵਿਚ ਉਨ੍ਹਾਂ ਨੂੰ ਲਗਭਗ 31 ਮਾਰਚ 2020 ਤੱਕ ਕਾਰਜਸ਼ੀਲ ਕਮੇਟੀ ਦਾ ਮੈਂਬਰ ਬਣਾਉਣਾ ਬੜੀ ਹੈਰਾਨੀਜਨਕ ਤਬਦੀਲੀ ਹੈ। ਆਓ ਤੁਹਾਨੂੰ ਦੱਸਦੇ ਆਂ ਕਿ ਇਨ੍ਹਾਂ ਵਿਧਾਇਕਾਂ ਨੂੰ ਸਪੀਕਰ ਸਾਬ੍ਹ ਨੇ ਕਿਹੜੀ ਕਿਹੜੀ ਮੈਂਬਰ ਬਖ਼ਸ਼ੀ ਹੈ। 

ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮੇਜ਼ 'ਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰਾਂ ਸਬੰਧੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਅਤੇ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਵੀ ਸ਼ਾਮਲ ਹਨ। ਇਸੇ ਤਰ੍ਹਾਂ ਤਰਸੇਮ ਸਿੰਘ ਡੀਸੀ ਨੂੰ ਅਧੀਨ ਵਿਧਾਨ ਸਭਾ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ। ਜਦਕਿ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਫੂਲਕਾ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਗੁਰਕੀਰਤ ਸਿੰਘ ਕੋਟਲੀ ਨੂੰ ਪਟੀਸ਼ਨ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਅਮਰਜੀਤ ਸਿੰਘ ਸੰਦੋਆ ਵੀ ਸ਼ਾਮਲ ਹਨ।

ਇਸੇ ਤਰ੍ਹਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ। ਜਦਕਿ ਮੈਂਬਰਾਂ ਵਿਚ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਅਮਰਜੀਤ ਸਿੰਘ ਸੰਦੋਆ ਦਾ ਨਾਮ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਡਾਵਰ ਨੂੰ ਲਾਇਬ੍ਰੇਰੀ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਜਦਕਿ ਮੈਂਬਰਾਂ ਵਿਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਏ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮਾਸਟਰ ਬਲਦੇਵ ਸਿੰਘ ਦਾ ਨਾਂ ਵੀ ਕਿਸੇ ਕਮੇਟੀ ਵਿਚ ਲਿਆ ਦੱਸਿਆ ਜਾ ਰਿਹਾ ਹੈ। ਫਿਲਹਾਲ ਸਪੀਕਰ ਸਾਬ੍ਹ ਵੱਲੋਂ ਦਲ ਬਦਲੂਆਂ 'ਤੇ ਕੀਤੀ ਜਾ ਰਹੀ ਖ਼ਾਸ ਮਿਹਰਬਾਨੀ ਤੋਂ ਸਾਰੇ ਹੈਰਾਨ ਹਨ ਅਤੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਪ ਦੇ ਆਪਸ ਵਿਚ ਮਿਲੇ ਹੋਣ ਦੇ ਦੋਸ਼ ਲਗਾ ਰਹੀਆਂ ਹਨ।