ਤਿੰਨ ਮਰਲੇ ਪਿੱਛੇ ਦਾਤਰ ਮਾਰ-ਮਾਰ ਕੇ ਬਜ਼ੁਰਗ ਸਮੇਤ 3 ਗੰਭੀਰ ਫੱਟੜ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਮਲਾਵਰ ਹਥਿਆਰਾਂ ਸਮੇਤ ਮੌਕੇ ਤੋਂ ਫ਼ਰਾਰ ; ਪੁਲਿਸ ਵੱਲੋਂ ਜਾਂਚ ਜਾਰੀ

Pic

ਦੀਨਾਨਗਰ (ਗੁਰਦਾਸਪੁਰ) : ਕਸਬਾ ਤਾਰਾਗੜ੍ਹ ਨਾਲ ਲੱਗਦੇ ਕੋਠੇ ਹਯਾਤੀਚੱਕ ਪਿੰਡ ਵਿਚ ਦੇਰ ਰਾਤ ਜ਼ਮੀਨੀ ਵਿਵਾਦ ਨੂੰ ਲੈ ਕੇ ਜੰਮ ਕੇ ਤਲਵਾਰਾਂ ਤੇ ਦਾਤਰ ਚੱਲੇ। ਇਸ ਘਟਨਾ ਵਿਚ ਬਜ਼ੁਰਗ ਸਮੇਤ 3 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਪੁਲਿਸ ਨੇ ਇਕ ਧਿਰ ਦੇ ਜ਼ਖ਼ਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਦੂਸਰੀ ਧਿਰ ਦੀ ਔਰਤ ਸਮੇਤ ਤਿੰਨਾਂ ਦੇ ਨਾਂ ਅਤੇ 10-15 ਹੋਰ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਦਿਤਾ ਹੈ। ਉਥੇ ਜ਼ਖ਼ਮੀ ਬਜ਼ੁਰਗ ਪਤੀ ਪਤਨੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਅਮ੍ਰਿਤਸਰ ਰੈਫ਼ਰ ਕਰ ਦਿਤਾ ਗਿਆ ਹੈ। 

ਸ਼ਿਕਾਇਤਕਰਤਾ ਗੁਰਮੁਖ ਸਿੰਘ ਨੇ ਥਾਣਾ ਤਾਰਾਗੜ੍ਹ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਦਸਿਆ ਕਿ ਗੜਾ ਵਿਚ ਇਕ 3 ਮਰਲੇ ਦਾ ਪਲਾਟ ਉਸ ਨੇ 2007 ਵਿਚ ਅਮਨਦੀਪ ਸਿੰਘ ਤੋਂ ਖ਼ਰੀਦਿਆ ਸੀ ਤੇ ਉਸ ਸਮੇਂ ਤੋਂ ਹੀ ਪਿੰਡ ਹਯਾਤੀਚੱਕ ਦਾ ਹੀ ਰਹਿਣ ਵਾਲਾ ਦਿਲਬਾਗ਼ ਸਿੰਘ ਉਸ ਦੇ ਪਲਾਟ 'ਤੇ ਕਬਜ਼ੇ ਦੀ ਫ਼ਿਰਾਕ ਵਿਚ ਹੈ। ਜਿਸ ਬਾਰੇ ਮਾਮਲਾ ਅਦਾਲਤ ਵਿਚ ਰਿਹਾ ਹੈ। ਗੁਰਮੁਖ ਨੇ ਅੱਗੇ ਦਸਿਆ ਕਿ ਬੀਤੀ ਰਾਤ ਉਹ ਅਪਣੇ ਘਰ ਵਿਚ ਮੌਜੂਦ ਸੀ ਕਿ ਗੁਆਂਢ ਵਿਚ ਪਲਾਟ ਤੋਂ ਆਵਾਜਾਂ ਆਉਣ ਲੱਗੀਆਂ, ਬਾਹਰ ਜਾ ਕੇ ਦੇਖਿਆ ਤਾਂ ਦਿਲਬਾਗ਼ ਸਿੰਘ ਅਪਣੇ ਪਰਵਾਰ ਸਮੇਤ 10-15 ਅਣਪਛਾਤੇ ਸਾਥੀਆਂ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਉਕਤ ਪਲਾਟ 'ਤੇ ਕਬਜ਼ਾ ਕਰ ਰਿਹਾ ਸੀ। 

ਗੁਰਮੁਖ ਨੇ ਦਸਿਆ ਕਿ ਉਸ ਦੀ ਮਾਤਾ ਸੋਮਾ ਦੇਵੀ ਅਤੇ ਪਿਤਾ ਮਹੇਸ਼ ਦਾਸ ਨੇ ਬਾਹਰ ਨਿਕਲ ਕੇ ਉਨ੍ਹਾਂ ਨੂੰ ਕਬਜ਼ਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਦਾਤਰ ਅਤੇ ਤਲਵਾਰਾਂ ਨਾਲ ਵਾਰ ਕਰ ਕੇ ਦੋਹਾਂ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿਤਾ। ਬਚਾਅ ਵਿਚ ਪੁੱਜੇ ਉਸ 'ਤੇ ਵੀ ਦਾਤਰ ਨਾਲ ਉਲਟੇ ਵਾਰ ਕੀਤੇ। ਗੁਰਮੁੱਖ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਨੂੰ ਜਾਤੀਸੂਚਕ ਗਾਲਾਂ ਕਢੀਆਂ ਅਤੇ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਕੇ ਹਥਿਆਰਾਂ ਸਮੇਤ ਫ਼ਰਾਰ ਹੋ ਗਏ। ਜਿਸ ਦੇ ਚਲਦੇ ਪੁਲਿਸ ਨੇ ਦਿਲਬਾਗ਼ ਸਿੰਘ, ਤਰਸੇਮ ਸਿੰਘ ਅਤੇ ਦਿਲਬਾਗ਼ ਦੀ ਪਤਨੀ ਜਸਲੀਨ ਕੌਰ ਸਮੇਤ ਹੋਰਾਂ ਵਿਰੁਧ ਮਾਮਲਾ ਦਰਜ ਕੀਤਾ ਹੈ।