ਸਿੰਗਾਪੁਰ 'ਚ ਨਸ਼ੇ 'ਚ ਟੱਲੀ ਹੋਏ ਭਾਰਤੀ ਵੱਲੋਂ ਪੁਲਿਸ ਅਫ਼ਸਰ 'ਤੇ ਹਮਲਾ
ਪਾਰਕ 'ਚ ਸ਼ਰਾਬ ਪੀ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਭਾਰਤੀ
ਸਿੰਗਾਪੁਰ- ਸਿੰਗਾਪੁਰ ਵਿਚ ਇਕ 25 ਸਾਲਾ ਨਸ਼ੇ ਵਿਚ ਟੁੰਨ ਹੋਏ ਭਾਰਤੀ ਨਾਗਰਿਕ ਨੇ ਸ਼ਰਾਬ ਦੇ ਨਸ਼ੇ ਵਿਚ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਦੋਂ ਲੋਕਾਂ ਦੀ ਸ਼ਿਕਾਇਤ 'ਤੇ ਪੁਲਿਸ ਉਸ ਵਿਅਕਤੀ ਨੂੰ ਕਾਬੂ ਕਰਨ ਲਈ ਪਹੁੰਚੀ ਤਾਂ ਉਸ ਨੇ ਇਕ ਪੁਲਿਸ ਅਫ਼ਸਰ ਨਾਲ ਹੀ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ। ਮੁਰੂਗੇਸਨ ਰਘੁਪਤੀਰਾਜਾ ਨਾਂਅ ਦਾ ਇਹ ਭਾਰਤੀ ਨਾਗਰਿਕ ਐਵਰਟਨ ਪਾਰਕ ਹਾਊਸਿੰਗ ਅਸਟੇਟ ਦੇ ਇਕ ਅਪਾਰਟਮੈਂਟ ਬਲਾਕ ਵਿਚ ਨਸ਼ੇ ਵਿਚ ਟੱਲੀ ਹੋ ਕੇ ਹੁੜਦੰਗ ਮਚਾ ਰਿਹਾ ਸੀ।
ਸ਼ਰਾਬ ਦੇ ਨਸ਼ੇ ਵਿਚ ਉਸ ਨੇ ਡਯੂਕਸਟਨ ਪਲੇਨ ਪਾਰਕ ਵਿਚ ਪਏ ਦੋ ਲੱਕੜ ਦੇ ਬੈਂਚਾਂ ਨੂੰ ਵੀ ਨੁਕਸਾਨ ਪਹੁੰਚਾਇਆ। ਜਦੋਂ ਪੁਲਿਸ ਨੇ ਉਸ ਨੂੰ ਰੋਕਣਾ ਚਾਹਿਆ ਤਾਂ ਉਸ ਨੇ ਪੁਲਿਸ ਅਫ਼ਸਰ 'ਤੇ ਹੀ ਹਮਲਾ ਕਰ ਦਿੱਤਾ ਪਰ ਪੁਲਿਸ ਨੇ ਉਸ ਨੂੰ ਰੋਕਣ ਲਈ ਉਸ ਦੇ ਪੈਰਾਂ ਵੱਲ ਗੋਲੀਆਂ ਚਲਾਈਆਂ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਭਾਰਤੀ ਨਾਗਰਿਕ 'ਤੇ 10 ਦੋਸ਼ ਲਗਾਏ ਗਏ ਹਨ।
ਇਸ ਘਟਨਾ ਤੋਂ ਇਲਾਵਾ ਵੀ ਮੁਰੂਗੇਸਨ 'ਤੇ ਹੋਰਨਾਂ ਮਾਮਲਿਆਂ ਵਿਚ ਲੁੱਟ-ਖੋਹ ਅਤੇ ਪੁਲਿਸ ਅਫ਼ਸਰ ਨਾਲ ਮਾੜਾ ਵਤੀਰਾ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਦੇ ਸਾਬਤ ਹੋਣ 'ਤੇ ਉਸ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।