ਮਜ਼ਦੂਰਾਂ ਦੀ ਪੰਜਾਬ ਵਾਪਸੀ ਸਮੇਂ ਤੈਅ ਮਾਮਦੰਡਾਂ ਦਾ ਨਹੀਂ ਹੋ ਰਿਹਾ ਪਾਲਣ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਹਾਰ ਤੋਂ ਬੱਸ ਰਾਹੀਂ ਮਜ਼ਦੂਰ ਲਿਆਉਣ ਸਮੇਂ ਉਡਾਈਆਂ ਨਿਯਮਾਂ ਦੀਆਂ ਧੱਜੀਆਂ

workers

ਚੰਡੀਗੜ੍ਹ : ਦੇਸ਼ ਅੰਦਰ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਇਸ ਨੂੰ ਲੈ ਕੇ ਸਰਕਾਰ ਦੇ ਨਾਲ-ਨਾਲ ਲੋਕਾਂ ਅੰਦਰ ਦੀ ਦਹਿਸ਼ਤ ਦਾ ਮਾਹੌਲ ਹੈ। ਇਸੇ ਦੌਰਾਨ ਪਿਛਲੇ ਦਿਨਾਂ ਦੌਰਾਨ ਪੰਜਾਬ 'ਚੋਂ ਅਪਣੇ ਪਿਤਰੀ ਰਾਜਾਂ ਨੂੰ ਪਲਾਇਨ ਕਰ ਗਏ ਮਜ਼ਦੂਰਾਂ ਦੇ ਵਾਪਸ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਾ ਹੈ। ਪੰਜਾਬ ਅੰਦਰ ਝੋਨੇ ਦੀ ਲੁਆਈ ਦੇ ਚੱਲ ਰਹੇ ਸੀਜ਼ਨ ਅਤੇ ਕਾਰਖ਼ਾਨਿਆਂ ਅੰਦਰ ਮਜ਼ਦੂਰਾਂ ਦੀ ਵਧਦੀ ਮੰਗ  ਦੇ ਮੱਦੇਨਜ਼ਰ ਭਾਵੇਂ ਮਜ਼ਦੂਰਾਂ ਦੀ ਵਾਪਸੀ 'ਤੇ ਕਿਸੇ ਨੂੰ ਕੋਈ ਇੰਤਰਾਜ ਨਹੀਂ ਹੈ ਪਰ ਹੁਣ ਕੁੱਝ ਲਾਲਚੀ ਕਿਸਮ ਦੇ ਲੋਕ ਮਜ਼ਦੂਰਾਂ ਦੀ ਵਾਪਸੀ ਨੂੰ ਵੀ ਕਰੋਨਾ ਵਾਇਰਸ ਦੀ ਆਮਦ ਦਾ ਕਾਰਨ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ।

ਇਹ ਲੋਕ ਮਜ਼ਦੂਰਾਂ ਦੀ ਵਾਪਸੀ ਸਮੇਂ ਸਰਕਾਰ ਵਲੋਂ ਤੈਅ ਕੀਤੇ ਗਏ ਸੋਸ਼ਲ ਡਿਸਟੈਂਡਿੰਗ ਦੇ ਮਾਪਦੰਡਾਂ ਦਾ ਸ਼ਰੇਆਮ ਉਲੰਘਣ ਕਰ ਰਹੇ ਹਨ। ਮਜ਼ਦੂਰਾਂ ਨੂੰ ਬਿਹਾਰ ਵਰਗੇ ਸੂਬਿਆਂ ਤੋਂ ਲਿਆਉਣ ਅਤੇ ਕਿਸਾਨਾਂ ਅਤੇ ਫ਼ੈਕਟਰੀਆਂ 'ਚ ਪਹੁੰਚਾਉਣ ਅਤੇ ਉਨ੍ਹਾਂ ਦੇ ਰਹਿਣ-ਸਹਿਣ ਦੌਰਾਨ ਸਮਾਜਿਕ ਦੂਰੀ ਦੇ ਤੈਅ ਮਾਪਦੰਡਾਂ ਨੂੰ ਅਣਗੌਲਿਆਂ ਕਰਨ ਦੀਆਂ ਖ਼ਬਰਾਂ ਮੀਡੀਆਂ 'ਚ ਆ ਰਹੀਆਂ ਹਨ।

ਅਜਿਹਾ ਹੀ ਇਕ ਮਾਮਲਾ ਬਾਘਾਪੁਰਾਣਾ ਵਿਖੇ ਸਾਹਮਣੇ ਆਇਆ ਹੈ ਜਿੱਥੇ ਬਿਹਾਰ ਤੋਂ ਮਜ਼ਦੂਰਾਂ ਨੂੰ ਲੈ ਕੇ ਆਈ ਬੱਸ ਨੂੰ ਜਦੋਂ ਪੁਲਿਸ ਨੇ ਜਾਂਚ ਲਈ ਰੋਕਿਆ ਤਾਂ ਉਸ 'ਚ ਤੁੰਨ ਕੇ ਭਰੇ ਮਜ਼ਦੂਰਾਂ ਨੂੰ ਵੇਖ ਕੇ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਬੱਸ 'ਚ ਸਵਾਰ ਰਾਜੂ ਨਾਮ ਦੇ ਮਜ਼ਦੂਰ ਮੁਤਾਬਕ ਇਕ ਪ੍ਰਾਈਵੇਟ ਕੰਪਨੀ ਦੀ ਇਹ ਬੱਸ ਬਿਹਾਰ ਤੋਂ 60 ਮਜ਼ਦੂਰਾਂ ਨੂੰ ਲੈ ਕੇ ਪੰਜਾਬ ਪਹੁੰਚੀ ਹੈ।

ਮਜ਼ਦੂਰ ਮੁਤਾਬਕ ਪਹਿਲਾਂ ਬੱਸ ਵਿਚ ਕੇਵਲ 39 ਮਜ਼ਦੂਰ ਹੀ ਸਵਾਰ ਸਨ ਪਰ ਬੱਸ ਚਾਲਕ ਨੇ ਮੋਗਾ ਤੋਂ ਕਈ ਹੋਰ ਲੋਕਾਂ ਨੂੰ ਵੀ ਬੱਸ ਵਿਚ ਚੜ੍ਹਾ ਲਿਆ। ਮਜ਼ਦੂਰ ਮੁਤਾਬਕ ਇਨ੍ਹਾਂ ਮਜਦੂਰਾਂ ਤੋਂ ਪ੍ਰਤੀ ਵਿਅਕਤੀ 3 ਹਜ਼ਾਰ ਤਕ ਵਸੂਲੇ ਗਏ ਹਨ। ਬੱਸ ਚਾਲਕਾਂ ਦੀ ਇਹ ਲਾਲਚੀ ਬਿਰਤੀ ਮਜ਼ਦੂਰਾਂ ਦੇ ਨਾਲ-ਨਾਲ ਹੋਰ ਲੋਕਾਂ ਲਈ ਵੀ ਵੱਡੀ ਸਮੱਸਿਆ ਖੜ੍ਹੀ ਕਰ ਸਕਦੀ ਹੈ।

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਲੱਖਣ ਸਿੰਘ ਮੁਤਾਬਕ ਜਦੋਂ ਉਨ੍ਹਾਂ ਨੇ ਮਜ਼ਦੂਰਾਂ ਨਾਲ ਭਰੀ ਬੱਸ ਨੂੰ ਰੋਕ ਕੇ ਜਾਂਚ ਕੀਤੀ ਤਾਂ ਬੱਸ 'ਚ 60 ਮਜ਼ਦੂਰ ਸਵਾਰ ਸਨ। ਇਨ੍ਹਾਂ ਮਜ਼ਦੂਰਾਂ ਵਿਚੋਂ ਕਿਸੇ ਨੇ ਵੀ ਨਾ ਹੀ ਮਾਸਕ ਪਾਇਆ ਹੋਇਆ ਸੀ ਅਤੇ ਨਾ ਹੀ ਸਮਾਜਿਕ ਦੂਰੀ ਮਾਪਦੰਡਾਂ ਦਾ ਖਿਆਲ ਰੱਖਿਆ ਜਾ ਰਿਹਾ ਸੀ। ਇੱਥੇ ਹੀ ਬੱਸ ਨਹੀਂ, ਬੱਸ ਚਾਲਕ ਅਤੇ ਕੰਡਕਟਰ ਵੀ ਬਿਨਾਂ ਮਾਸਕ ਤੋਂ ਹੀ ਵਿਚਰ ਰਹੇ ਸਨ। ਪੁਲਿਸ ਅਧਿਕਾਰੀ ਮੁਤਾਬਕ  ਬੱਸ ਚਾਲਕ ਅਤੇ ਕੰਡਕਟਰ ਖਿਲਾਫ਼ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲਘਣਾ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।