ਪੰਜਾਬ 'ਚ ਝੋਨੇ ਦੀ ਲੁਆਈ ਸ਼ੁਰੂ, ਪਰ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਬਣ ਰਹੀ ਮੁਸ਼ਕਲ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਝੋਨੇ ਦੀ ਲਵਾਈ ਦਾ ਕੰਮ ਅੱਜ ਭਾਵੇਂ ਸਰਕਾਰੀ ਤੌਰ 'ਤੇ ਨਿਰਧਾਰਤ ਸਮੇਂ ਮੁਤਾਬਕ ਪੰਜਾਬ 'ਚ ਸ਼ੁਰੂ ਹੋ ਗਿਆ ਹੈ

Farmer

ਚੰਡੀਗੜ੍ਹ: ਝੋਨੇ ਦੀ ਲਵਾਈ ਦਾ ਕੰਮ ਅੱਜ ਭਾਵੇਂ ਸਰਕਾਰੀ ਤੌਰ 'ਤੇ ਨਿਰਧਾਰਤ ਸਮੇਂ ਮੁਤਾਬਕ ਪੰਜਾਬ 'ਚ ਸ਼ੁਰੂ ਹੋ ਗਿਆ ਹੈ ਪਰ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਕਾਰਨ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਕੁੱਝ ਕਿਸਾਨਾਂ ਨੇ ਤਾਂ ਨਿਰਧਾਰਤ ਸਮੇਂ, 10 ਜੂਨ, ਤੋਂ ਪਹਿਲਾਂ ਹੀ ਝੋਨਾ ਲਾਉਣ ਦਾ ਕੰਮ ਕਈ ਥਾਈਂ ਸ਼ੁਰੂ ਕਰ ਦਿਤਾ ਸੀ। ਖੇਤੀ ਵਿਭਾਗ ਨੇ ਵੀ ਕੋਰੋਨਾ ਮਹਾਂਮਾਰੀ ਦੇ ਸੰਕਟ ਨੂੰ ਵੇਖਦਿਆਂ ਜ਼ਿਆਦਾ ਸਖ਼ਤੀ ਨਹੀਂ ਕੀਤੀ ਭਾਵੇਂ ਕਿ ਕੁੱਝ ਥਾਵਾਂ 'ਤੇ ਲਾਇਆ ਝੋਨਾ ਵਾਹਿਆ ਗਿਆ।

ਹੁਣ ਝੋਨੇ ਦੀ ਲਵਾਈ 'ਚ ਤੇਜ਼ੀ ਆਏਗੀ ਪਰ ਇਹ ਕੰਮ ਮਜ਼ਦੂਰਾਂ ਦੀ ਕਮੀ ਦੇ ਚਲਦੇ ਜ਼ਿਆਦਾ ਮਸ਼ੀਨਾਂ 'ਤੇ ਹੀ ਨਿਰਭਰ ਰਹੇਗਾ। ਭਾਵੇਂ ਕਿ ਕਿਸਾਨ ਖ਼ੁਦ ਯਤਨ ਕਰ ਕੇ ਅਪਣੇ ਵਾਹਨ ਕਰ ਕੇ ਦੂਜੇ ਸੂਬਿਆਂ 'ਚੋਂ ਮਜ਼ਦੂਰਾਂ ਨੂੰ ਵਾਪਸ ਵੀ ਲਿਆ ਰਹੇ ਹਨ।

ਮਸ਼ੀਨਾਂ 'ਤੇ ਜ਼ਿਆਦਾ ਸਬਸਿਡੀ ਵੀ ਨਾ ਹੋਣ ਕਰ ਕੇ ਸਬਸਿਡੀ ਵਧਾਉਣ ਅਤੇ ਮਜ਼ਦੂਰਾਂ ਦੀ ਕਮੀ ਕਾਰਨ ਕਿਸਾਨਾਂ ਲਈ ਮੁਆਵਜ਼ੇ ਦੀ ਮੰਗ ਉਠਣੀ ਵੀ ਸ਼ੁਰੂ ਹੋ ਗਈ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਝੋਨੇ ਸਬੰਧੀ ਮਸ਼ੀਨੀ ਟਰਾਂਸਪਲਾਂਟਰਾਂ ਲਈ ਸਬਸਿਡੀ 40 ਫ਼ੀ ਸਦੀ ਤੋਂ ਵਧਾ ਕੇ 75 ਫ਼ੀ ਸਦੀ ਕਰਨ ਅਤੇ ਪ੍ਰਵਾਸੀ ਮਜ਼ਦੂਰਾਂ ਦੀ ਮੁਸ਼ਕਲ ਕਾਰਨ ਕਿਸਾਨਾਂ ਨੂੰ ਪ੍ਰਤੀ ਏਕੜ ਘੱਟੋ-ਘੱਟ 3000 ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਆਗੂ ਬੀਰਦਵਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਪੈ ਰਹੀ ਦੋਹਰੀ ਮਾਰ ਕਾਰਨ ਝੋਨਾ ਲਾਉਣ ਲਈ 5000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।