ਬੰਦ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਜੀ ਬੱਸ ਅੱਡੇ 'ਤੇ ਪਰਤੀਆਂ ਰੌਣਕਾਂ
ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਬਸਾਂ ਦੀ ਆਵਾਜਾਈ ਸ਼ੁਰੂ
ਐਸ.ਏ.ਐਸ. ਨਗਰ: ਪਿਛਲੇ ਕਈ ਸਾਲਾਂ ਤੋਂ ਬੰਦ ਪਏ ਫ਼ੇਜ਼-6 ਦੇ ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਅੱਡੇ ਦੇ ਵੀ ਭਾਗ ਜਾਗ ਗਏ ਹਨ। ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਚੰਡੀਗੜ੍ਹ ਤੋਂ ਪੰਜਾਬ ਲਈ ਬਸਾਂ ਦੀ ਅਵਾਜਾਈ 'ਤੇ ਮੁਕੰਮਲ ਰੋਕ ਲਗਾਏ ਜਾਣ ਕਾਰਨ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦੁਰ ਅੰਤਰਰਾਜੀ ਬੱਸ ਅੱਡੇ ਨੂੰ ਚਾਲੂ ਕਰ ਦਿਤਾ ਗਿਆ ਹੈ।
ਅੱਜ ਸਵੇਰੇ 5 ਵਜੇ ਤੋਂ ਇਥੇ ਸੂਬੇ ਦੇ ਵੱਖ-ਵੱਖ ਖੇਤਰਾਂ ਵਲ ਜਾਣ ਅਤੇ ਉਥੋਂ ਆਉਣ ਵਾਲੀਆਂ ਬਸਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਇਸ ਬੱਸ ਅੱਡੇ ਦੀਆਂ ਰੌਣਕਾਂ ਵੀ ਵਧ ਗਈਆਂ ਹਨ। ਇਸ ਦੌਰਾਨ ਅੱਜ ਮੁਹਾਲੀ ਤੋਂ ਪੰਜਾਬ ਵਿਚ ਵੱਖ-ਵੱਖ ਰੂਟਾਂ, ਜਿਨ੍ਹਾਂ ਵਿਚ ਲੁਧਿਆਣਾ, ਜਲੰਧਰ, ਅਮ੍ਰਿੰਤਸਰ, ਮੋਗਾ ਅਤੇ ਪਠਾਣਕੋਟ ਜਾਣ ਵਾਲੀਆਂ ਬਸਾਂ ਦੀ ਆਵਾਜਾਈ ਸ਼ੁਰੂ ਕਰ ਦਿਤੀ ਗਈ ਹੈ।
ਇਸ ਦੌਰਾਨ ਬੱਸ ਅੱਡੇ 'ਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਵੀ ਪੂਰਾ ਧਿਆਨ ਰਖਿਆ ਜਾ ਰਿਹਾ ਹੈ ਅਤੇ ਸਵਾਰੀਆਂ ਤੋਂ ਇਸ ਦੀ ਪੂਰੀ ਪਾਲਣਾ ਕਰਵਾਈ ਜਾ ਰਹੀ ਹੈ ਅਤੇ ਨਾਲ ਹੀ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਤਹਿਤ ਆਉਣ-ਜਾਣ ਵਾਲੇ ਹਰ ਯਾਤਰੀ ਦੇ ਹੱਥਾਂ ਨੂੰ ਸੈਨੀਟਾਇਜ਼ ਕਰ ਕੇ ਹੀ ਉਸ ਦਾ ਦਾਖ਼ਲਾ ਕਰਵਾਇਆ ਜਾ ਰਿਹਾ ਹੈ।
ਅੱਡਾ ਇੰਚਾਰਜ ਗੁਰਿੰਦਰ ਸਿੰਘ ਨੇ ਦਸਿਆ ਕਿ ਅੱਜ ਤੋਂ ਪੰਜਾਬ ਵਿਚ ਚਲਣ ਵਾਲੀਆਂ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਬਸਾਂ ਮੁਹਾਲੀ ਦੇ ਬੱਸ ਅੱਡੇ ਤੋਂ ਚਲਣ ਲੱਗ ਗਈਆਂ ਹਨ ਅਤੇ ਹੁਣ ਇਹ ਬਸਾਂ ਚੰਡੀਗੜ੍ਹ ਦੇ ਬੱਸ ਅੱਡੇ ਦੀ ਥਾਂ ਮੁਹਾਲੀ ਤੋਂ ਹੀ ਚਲਣਗੀਆਂ। ਇਸੇ ਤਰ੍ਹਾਂ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਆਉਣ ਵਾਲੀਆਂ ਬਸਾਂ ਇੱਥੇ ਹੀ ਠਹਿਰਣਗੀਆਂ।
ਉਨ੍ਹਾਂ ਦਸਿਆ ਕਿ ਇਸ ਬੱਸ ਅੱਡੇ ਤੋਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੋਗਾ ਅਤੇ ਪਠਾਨਕੋਟ ਆਦਿ ਲਈ ਰਵਾਨਾ ਹੋਣ ਵਾਲੀਆਂ ਬਸਾਂ ਰਾਹ ਵਿਚ ਕਿਤੇ ਵੀ ਨਹੀਂ ਰੁਕਦੀਆਂ ਅਤੇ ਇਨ੍ਹਾਂ ਬੱਸਾਂ ਨੂੰ ਅਪਣੇ ਟਿਕਾਣੇ 'ਤੇ ਪਹੁੰਚ ਕੇ ਹੀ ਰੋਕਿਆ ਜਾਂਦਾ ਹੈ। ਉਨ੍ਹਾਂ ਦਸਿਆ ਕਿ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਨ੍ਹਾਂ ਬਸਾਂ ਵਿਚ 25 ਸਵਾਰੀਆਂ ਨੂੰ ਹੀ ਬਿਠਾਇਆ ਜਾ ਰਿਹਾ ਹੈ।
ਇਸ ਤੋਂ ਵੱਧ ਸਵਾਰੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਡਿਊਟੀ 'ਤੇ ਤੈਨਾਤ ਟ੍ਰੈਫ਼ਿਕ ਪੁਲਿਸ ਜ਼ੋਨ-1 ਦੇ ਇੰਚਾਰਜ ਨਰਿੰਦਰ ਸੂਦ ਨੇ ਦਸਿਆ ਕਿ ਇਥੇ ਆਉਣ-ਜਾਣ ਵਾਲੇ ਹਰ ਯਾਤਰੀ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀ ਨੂੰ ਰੋਕ ਕੇ ਉਸ ਦੇ ਸਮਾਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।