ਦਿੱਲੀ ਸਿੱਖ ਕਤਲੇਆਮ ਪੀੜਤਾਂ ਦੇ ਇਨਸਾਫ ਲਈ ਸੰਘਰਸ਼ ਕਰ ਰਹੇ ਚਸ਼ਮਦੀਦ ਗਵਾਹ HS Kohli ਦਾ ਦੇਹਾਂਤ
ਦਿੱਲੀ ਸਿੱਖ ਕਤਲੇਆਮ ਵਿਚ ਅਪਣੇ ਕਰੀਬੀਆਂ ਨੂੰ ਗੁਆ ਚੁੱਕੇ ਡੇਰਾਬੱਸੀ ਦੇ ਨਾਮੀ ਉਦਯੋਗਪਤੀ ਹਰਵਿੰਦਰ ਸਿੰਘ ਕੋਹਲੀ ਦੀ ਕੋਰੋਨਾ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ।
ਡੇਰਾਬੱਸੀ: ਦਿੱਲੀ ਸਿੱਖ ਕਤਲੇਆਮ (Delhi Sikh Massacre) ਵਿਚ ਅਪਣੇ ਕਰੀਬੀਆਂ ਨੂੰ ਗੁਆ ਚੁੱਕੇ ਡੇਰਾਬੱਸੀ ਦੇ ਨਾਮੀ ਉਦਯੋਗਪਤੀ ਹਰਵਿੰਦਰ ਸਿੰਘ ਕੋਹਲੀ (Harvinder Singh Kohli) ਦੀ ਕੋਰੋਨਾ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ 63 ਸਾਲਾ ਹਰਵਿੰਦਰ ਸਿੰਘ ਪਿਛਲੇ ਇਕ ਹਫ਼ਤੇ ਤੋਂ ਜ਼ੀਰਕਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਵੈਂਟੀਲੇਟਰ ’ਤੇ ਸਨ, ਜਿਸ ਦੇ ਚਲਦਿਆਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਮੌਤ ਹੋ ਗਈ।
ਹੋਰ ਪੜ੍ਹੋ: ਗਲਵਾਨ ਦੇ ਸ਼ਹੀਦਾਂ ਨੂੰ ਸਲਾਮ: ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਪੰਜਾਬ ਦੇ 4 ਪੁੱਤਰਾਂ ਦੀਆਂ ਕਹਾਣੀਆਂ
ਰਵਿੰਦਰ ਸਿੰਘ ਕੋਹਲੀ ਅਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਪੁੱਤਰ ਅਤੇ ਦੋ ਪੁੱਤਰੀਆਂ ਛੱਡ ਗਏ ਹਨ। ਦੱਸ ਦਈਏ ਕਿ ਦਿੱਲੀ ਸਿੱਖ ਕਤਲੇਆਮ ਵਿਚ ਆਪਣੇ ਪਿਤਾ ਤੇ ਜੀਜੇ ਨੂੰ ਗੁਆ ਚੁੱਕੇ ਹਰਵਿੰਦਰ ਸਿੰਘ ਕੋਹਲੀ ਹਾਈ ਕੋਰਟ (High Court) ਵਿਚ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ (Sajjan Kumar) ਖ਼ਿਲਾਫ਼ ਚਸ਼ਮਦੀਦ ਗਵਾਹ ਸਨ। 37 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਕੋਹਲੀ ਅਦਾਲਤੀ ਫੈਸਲੇ ਤੋਂ ਪਹਿਲਾਂ ਹੀ ਦੁਨੀਆਂ ਤੋਂ ਰੁਖ਼ਸਤ ਹੋ ਗਏ।
ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ਤੋਂ ਪਰਤੇ ਜ਼ਿਲ੍ਹਾ ਮੋਗਾ ਦੇ ਕਿਸਾਨ ਨੇ ਤੋੜਿਆ ਦਮ
ਹਰਵਿੰਦਰ ਸਿੰਘ ਕੋਹਲੀ ਦੇ ਭਰਾ ਤਜਿੰਦਰ ਕੋਹਲੀ ਨੇ ਦੱਸਿਆ ਕਿ ਉਹਨਾਂ ਦਾ ਭਰਾ ਬਤੌਰ ਗਵਾਹ ਦਿੱਲੀ ਹਾਈ ਕੋਰਟ ਵਿਚ ਦੋ ਪੇਸ਼ੀਆਂ ਵੀ ਭੁਗਤ ਚੁੱਕਾ ਸੀ। ਉਹਨਾਂ ਦੱਸਿਆ ਕਿ ਦਿੱਲੀ ਸਿੱਖ ਕਤਲੇਆਮ ਦੌਰਾਨ ਹਰਵਿੰਦਰ ਸਿੰਘ ਵੀ ਗੰਭੀਰ ਜ਼ਖਮੀ ਹੋਏ ਸਨ ਪਰ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ।
ਜ਼ਿਕਰਯੋਗ ਹੈ ਕਿ ਸਾਲ 2009 ਵਿਚ ਕੇਂਦਰ ’ਚ ਕਾਂਗਰਸ ਦੀ ਸਰਕਾਰ ਸਮੇਂ ਹਰਵਿੰਦਰ ਸਿੰਘ ਕੋਹਲੀ ਨੇ ਸਿੱਖ ਕਤਲੇਆਮ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਇਕੱਲਿਆਂ ਹੀ ਪ੍ਰਧਾਨ ਮੰਤਰੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਸੀ। ਹਰਵਿੰਦਰ ਸਿੰਘ ਕੋਹਲੀ ਸੰਨ 1995 ਵਿਚ ਡੇਰਾਬਸੀ ਆ ਕੇ ਰਹਿਣ ਲੱਗੇ। ਇੱਥੇ ਉਹ ਇਕ ਸਫਲ ਉਦਯੋਗਪਤੀ ਬਣੇ ਅਤੇ ਕਈ ਸਾਲ ਡੇਰਾਬੱਸੀ ਸਮਾਲ ਸਕੇਲ ਇੰਡਸਟਰੀ ਦੇ ਪ੍ਰਧਾਨ ਵੀ ਰਹੇ।
ਹੋਰ ਪੜ੍ਹੋ: ਬਾਰਡਰ 'ਤੇ ਸ਼ਹੀਦ ਹੋਏ ਫੌਜੀ ਗੁਰਨਿੰਦਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਜੱਦੀ ਪਿੰਡ
ਉਹ ਡੇਰਾਬੱਸੀ ਵਿਖੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੇ ਸਰਗਰਮ ਆਗੂ ਸਨ। ਹਰਵਿੰਦਰ ਸਿੰਘ ਕੋਹਲੀ ਦੀ ਅੰਤਿਮ ਅਰਦਾਸ ਅਤੇ ਭੋਗ ਸ਼ੁੱਕਰਵਾਰ ਨੂੰ ਰੱਖਿਆ ਗਿਆ ਹੈ । ਹਰਵਿੰਦਰ ਸਿੰਘ ਦੀ ਮੌਤ ’ਤੇ ਆਮ ਆਦਮੀ ਪਾਰਟੀ ਸਮੇਤ ਵੱਖ ਵੱਖ ਸਿਆਸੀ ਆਗੂਆਂ, ਉਦਯੋਗਪਤੀਆਂ ਅਤੇ ਸ਼ਹਿਰ ਵਾਸੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।