ਮਿਆਦ ਪੁਗਾ ਚੁੱਕੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੁਰਤ ਕਰਵਾਈਆਂ ਜਾਣ : ਅਕਾਲੀ ਦਲ ਟਕਸਾਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਬਾਦਲ ਵਿਰੁਧ ਕਾਰਵਾਈ ਦੀ ਮੰਗ

Ranjit Singh Brahmpura

ਚੰਡੀਗੜ੍ਹ : ਅੱਜ ਇਥੇ ਹੋਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੁਰਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ਪਾਸ ਮਤੇ ਵਿਚ ਦੋਸ਼ ਲਾਇਆ ਗਿਆ ਕਿ ਮਿਆਦ ਪੁਗਾ ਚੁਕੀ ਸ਼੍ਰੋਮਣੀ ਕਮੇਟੀ ਦੀ ਮੋਦੀ ਸਰਕਾਰ ਬਾਦਲਾਂ ਦੇ ਕਹਿਣ 'ਤੇ ਹੀ ਚੋਣਾਂ ਨਹੀਂ ਕਰਵਾ ਰਹੀ। ਮੀਟਿੰਗ ਤੋਂ ਬਾਅਦ ਦਲ ਦੇ ਮੁੱਖ ਬੁਲਾਰੇ ਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਪੱਤਰਕਾਰਾਂ ਨੂੰ ਦਸਿਆ ਕਿ ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਉਪਰ ਮਤੇ ਮੁੱਖ ਤੌਰ 'ਤੇ ਪਾਸ ਕੀਤੇ ਗਏ ਹਨ।

ਉਨ੍ਹਾਂ ਦਸਿਆ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਲਹਿਰ ਨਾਲ ਮਿਲ ਕੇ ਲੜੀਆਂ ਜਾਣਗੀਆਂ। ਮੀਟਿੰਗ ਵਿਚ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਆਉੀਦੀਆਂ ਵਿਧਾਨ ਸਭਾ ਚੋਣਾਂ ਬਾਦਲ ਦਲ, ਭਾਜਪਾ ਤੇ ਕਾਂਗਰਸ ਨੂੰ ਛੱਡ ਹੋਰ ਕਿਸੇ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ।

ਢੀਂਡਸਾ ਵਾਲੇ ਦਲ ਨਾਲ ਵੀ ਤਾਲਮੇਲ ਦਾ ਰਾਹ ਖੁਲ੍ਹਾ ਹੈ। ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਏ ਪ੍ਰਮੁੱਖ ਆਗੂਆਂ ਵਿਚ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਉਜਾਗਰ ਸਿੰਘ ਬਡਾਲੀ, ਜਨਰਲ ਸਕੱਤਰ ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਮਨਮੋਹਨ ਸਿੰਘ ਸਠਿਆਲਾ, ਯੂਥ ਅਕਾਲੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ, ਸਵਰਨਜੀਤ ਸਿੰਘ ਕੁਰਾਲੀਆ, ਜਥੇਦਾਰ ਮੱਖਣ ਸਿੰਘ ਨੰਗਲ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਸ਼ਾਮਲ ਸਨ।

ਪੀਰ ਮੁਹੰਮਦ ਨੇ ਮੀਟਿੰਗ ਵਿਚ ਪਾਸ ਮਤਿਆਂ ਬਾਰੇ ਦਸਿਆ ਕਿ ਸੌਦਾ ਸਾਧ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੌਸ਼ਾਕ ਮੁਹਈਆ ਕਰਵਾਉਣ ਦੀ ਡੇਰਾ ਪੈਰੋਕਾਰਾਂ ਵਲੋਂ ਹੀ ਸਚਾਈ ਸਾਹਮਣੇ ਲਿਆਉਣ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸੁਖਬੀਰ ਸਿੰਘ ਬਾਦਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਮੋਦੀ ਸਰਕਾਰ ਵਲੋਂ ਪਾਸ ਖੇਤੀ ਬਾਰੇ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।

ਇਕ ਹੋਰ ਮਤੇ ਰਾਹੀਂ ਕੇਂਦਰ ਤੇ ਸੂਬਾ ਸਰਕਾਰ ਤੋਂ ਕੋਰੋਨਾ ਮਹਾਂਮਾਰੀ ਮੱਦੇਨਜ਼ਰ ਗ਼ਰੀਬ ਵਰਗ, ਮਜ਼ਦੂਰ ਕਾਰੋਬਾਰੀਆਂ ਤੇ ਮੱਧ ਵਰਗ ਲਈ ਵਿਸ਼ੇਸ਼ ਸਹਾਇਤਾ ਨਾ ਦੇਣ ਵੀ ਨਿੰਦਾ ਕੀਤੀ ਗਈ। ਪਟਰੌਲ, ਡੀਜ਼ਲ ਕੀਮਤਾਂ ਵਿਚ ਵਾਧਿਆਂ ਦਾ ਵੀ ਇਕਮਤ ਰਾਹੀਂ ਵਿਰੋਧ ਕੀਤਾ ਗਿਆ ਅਤੇ ਸੇਵਾ ਸਿੰਘ ਸੇਖਵਾਂ ਤੇ ਬੀਰ ਦਵਿੰਦਰ ਸਿੰਘ ਦੇ ਅਸਤੀਫ਼ੇ ਨਾ ਮਨਜ਼ੂਰ ਕਰਦਿਆਂ ਇਨ੍ਹਾਂ ਨੂੰ ਦਲ ਵਿਚੋਂ ਪਾਰਟੀ ਵਿਰੋਧੀ ਕਾਰਵਾਈਆਂ ਖ਼ਾਰਜ ਕਰਨ ਦਾ ਐਲਾਨ ਕੀਤਾ ਗਿਆ। ਇਕ ਮਤੇ ਰਾਹੀਂ ਕੋਰ ਕਮੇਟੀ ਵਿਚ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਰਿਆੜ, ਜਥੇਦਾਰ ਹੁਸੈਨਪੁਰ ਤੇ ਜਥੇਦਾਰ ਨੰਗਲ ਨੂੰ ਸ਼ਾਮਲ ਕੀਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।