ਡੇਰਾ ਸਿਰਸਾ ਵਿਵਾਦ ਨੇ ਵਧਾਈਆਂ ਬਾਦਲਾਂ ਦੀਆਂ ਮੁਸ਼ਕਲਾਂ, ਪੰਥਕ ਦਿੱਖ ਨੂੰ ਲੱਗੀ ਵੱਡੀ ਢਾਹ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਬਾਦਲ ਨੂੰ ਪੰਥਕ 'ਚੋਂ ਛੇਕਣ ਦੀ ਉਠੀ ਮੰਗ

Sukhbir Badal

ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਰਾਮ ਰਹੀਮ ਨਾਲ ਬਾਦਲਾਂ ਦੀ ਨੇੜਤਾ ਦੇ ਹੋ ਰਹੇ ਖੁਲਾਸਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਕਾਰ ਨੂੰ ਵੱਡੀ ਢਾਹ ਲੱਗੀ ਹੈ। ਇਸ ਕਾਰਨ ਵੱਡੇ ਬਾਦਲ ਸਮੇਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸੀਬਤਾਂ ਵੱਧ ਗਈਆਂ ਹਨ।  ਪੰਥਕ ਅਖਵਾਉਣ ਵਾਲੇ ਆਗੂਆਂ ਦੀਆਂ ਡੇਰਾ ਸਿਰਸਾ ਨਾਲ ਨੇੜਤਾਈਆਂ ਸਬੰਧੀ ਨਿਤ ਹੋਰ ਰਹੇ ਨਵੇਂ ਖੁਲਾਸਿਆਂ ਨੇ ਪੰਥਕ ਹਲਕਿਆਂ ਵਿਚ ਭੂਚਾਲ ਜਿਹਾ ਲਿਆ ਦਿਤਾ ਹੈ।

ਹੁਣ ਸਿੱਖ ਆਗੂਆਂ ਵਿਚਾਲੇ ਇਲਜਾਮਾ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਹੋਰ ਵੀ ਗੰਭੀਰ ਦੋਸ਼ ਲੱਗਣੇ ਸ਼ੁਰੂ ਹੋ ਗਏ ਹਨ। ਇਨ੍ਹਾਂ 'ਚ ਸੌਦਾ ਸਾਧ ਨੂੰ ਉਹ ਪੁਸ਼ਾਕ ਭੇਜਣ ਦਾ ਵੀ ਇਲਜ਼ਾਮ ਹੈ, ਜਿਸ ਨੂੰ ਪਹਿਨ ਨੇ ਉਸ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਸੀ। ਇਸ ਇਲਜਾਮ ਨਾਲ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਕਟਹਿਰੇ 'ਚ ਖੜ੍ਹੀ ਹੋ ਗਈ ਹੈ।

ਇਸ ਨੇ ਅਕਾਲੀ ਦਲ ਤੋਂ ਅਲਹਿਦਾ ਹੋਣ ਵਾਲੇ ਟਕਸਾਲੀ ਆਗੂਆਂ ਲਈ ਵੀ ਨਵੀਂ ਮੁਸੀਬਤ ਖੜ੍ਹੀ ਕਰ ਦਿਤੀ ਹੈ। ਕਿਉਂਕਿ ਇਹ ਇਲਜ਼ਾਮ ਉਸ ਵੇਲੇ ਦੀ ਘਟਨਾ ਨਾਲ ਸਬੰਧਤ ਹਨ, ਜਦੋਂ ਇਹ ਸਾਰੇ ਟਕਸਾਲੀ ਆਗੂ ਵੀ ਅਕਾਲੀ ਦਲ ਦਾ ਹੀ ਹਿੱਸਾ ਸਨ। ਲੋਕਾਂ 'ਚ ਸਵਾਲ ਉਠਣਾ ਲਾਜ਼ਮੀ ਹੈ ਕਿ ਕੀ ਇਨ੍ਹਾਂ ਆਗੂਆਂ ਨੂੰ ਉਸ ਸਮੇਂ ਇਸ ਗੱਲ ਦੀ ਬਿਲਕੁਲ ਵੀ ਭਿਣਕ ਨਹੀਂ ਪਈ ਕਿ ਜਿਹੜੀ ਪੁਸ਼ਾਕ ਪਾ ਦੇ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਾਇਆ ਹੈ, ਉਹ ਇਕ ਸੀਨੀਅਰ ਅਕਾਲੀ ਆਗੂ ਨੇ ਹੀ ਭੇਂਟ ਕੀਤੀ ਹੈ।

ਇਹੀ ਕਾਰਨ ਹੈ ਕਿ ਹੁਣ ਸੁਖਦੇਵ ਸਿੰਘ ਢੀਂਡਸਾ ਵਰਗੇ ਆਗੂ ਨੂੰ ਵੀ ਸਫ਼ਾਈ ਦੇਣੀ ਪਈ ਹੈ, ਜਿਸ 'ਚ ਉਨ੍ਹਾਂ ਨੇ ਇਸ ਨੂੰ ਸੁਖਬੀਰ ਬਾਦਲ ਦਾ ਨਿੱਜੀ ਕਦਮ ਹੋਣ ਦਾ ਸ਼ੰਕਾ ਜ਼ਾਹਰ ਕਰਦਿਆਂ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦੇ ਉਲਟ ਦਸਿਆ ਹੈ।

ਲੋਕਾਂ ਅੰਦਰ ਜਿੰਨਾ ਗੁੱਸਾ ਸੌਦਾ ਸਾਧ ਵੱਲੋਂ ਪੰਥ ਖਿਲਾਫ਼ ਰਚੀਆਂ ਸਾਜਿਸ਼ਾਂ ਬਾਰੇ ਸੀ, ਉਸ ਤੋਂ ਕਿਤੇ ਜ਼ਿਆਦਾ ਖੁਦ ਨੂੰ ਪੰਥਕ ਅਖਵਾਉਣ ਵਾਲੇ ਆਗੂਆਂ ਬਾਰੇ ਹੋ ਰਹੇ ਖੁਲਾਸਿਆਂ ਕਾਰਨ ਹੈ। ਲੋਕ ਕਿਸੇ ਬਾਹਰੀ ਵਿਅਕਤੀ ਵਲੋਂ ਕੀਤੀ ਆਪਹੁਦਰੀ ਨੂੰ ਤਾਂ ਬਰਦਾਸ਼ਤ ਕਰ ਸਕਦੇ ਹਨ, ਪਰ ਪੰਥਕ ਮਖੌਟਾ ਪਾ ਕੇ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਰਗੇ ਕਦਮ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ।

ਹੁਣ ਵੱਡੀ ਗਿਣਤੀ ਆਗੂ ਸੁਖਬੀਰ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ 'ਚੋਂ ਛੇਕਣ ਦੀ ਮੰਗ ਕਰ ਰਹੇ ਹਨ। ਭਾਵੇਂ ਸ਼੍ਰੋਮਣੀ ਅਕਾਲੀ ਦਲ ਵਲੋਂ ਇਨ੍ਹਾਂ ਇਲਜ਼ਾਮਾਂ ਦਾ ਸਖ਼ਤੀ ਨਾਲ ਖੰਡਨ ਕੀਤਾ ਗਿਆ ਹੈ ਪਰ ਚੋਣਾਂ ਨੇੜੇ ਹੋਣ ਕਾਰਨ ਹਰ ਕੋਈ ਇਸ ਮੁੱਦੇ ਨੂੰ ਹਵਾਂ ਦੇਣ ਦੀ ਫਿਰਾਕ 'ਚ ਹੈ। ਇਸ ਕਾਰਨ ਬਾਦਲਾਂ ਦੀਆਂ ਮੁਸ਼ਕਲਾਂ ਵਧਣੀਆਂ ਤੈਅ ਹਨ। ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਮੁੱਦੇ 'ਤੇ ਵੱਡੀ ਸਿਆਸਤ ਹੋਣ ਦੀ ਸੰਭਾਵਨਾ ਬਣ ਰਹੀ ਹੈ। ਇਸ ਮੁੱਦੇ ਦੇ ਪੰਥਕ ਹਲਕਿਆਂ 'ਚ ਆਉਂਦੇ ਸਮੇਂ ਦੌਰਾਨ ਵੀ ਛਾਏ ਰਹਿਣ ਦੇ ਅਸਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।