ਬੇਅਦਬੀ ਮਾਮਲਾ: SIT ਵਲੋਂ ਅਦਾਲਤ ‘ਚ ਚਲਾਨ ਪੇਸ਼, ਡੇਰਾ ਸਿਰਸਾ ਵਲੋਂ ਮਿਲੇ ਬੇਅਦਬੀ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ (ਐਸਆਈਟੀ) ਵਲੋਂ ਮੋਗਾ ਦੇ ਪਿੰਡ ਮਲਕੇ ਅਤੇ ਬਠਿੰਡਾ ਦੇ...

Ram Rahim

ਮੋਗਾ : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਸਿੱਟ (ਐਸਆਈਟੀ) ਵਲੋਂ ਮੋਗਾ ਦੇ ਪਿੰਡ ਮਲਕੇ ਅਤੇ ਬਠਿੰਡਾ ਦੇ ਪਿੰਡ ਗੁਰੂਸਰ ਵਿਚ ਹੋਈ ਬੇਅਦਬੀ ਦੀ ਘਟਨਾ ਸਬੰਧਿਤ ਬਾਗਾ ਪੁਰਾਣਾ ਅਤੇ ਫੂਲ ਅਦਾਲਤ ਵਿਚ ਚਲਾਨ ਪੇਸ਼ ਕੀਤੇ ਗਏ ਹਨ। ਮੋਗਾ ਦੇ ਪਿੰਡ ਮਲਕੇ ਵਿਚ ਹੋਏ ਬੇਅਦਬੀ ਮਾਮਲੇ ਸਬੰਧੀ ਸਿੱਟ ਨੇ ਮੁੱਖ ਮੁਲਜ਼ਮ ਪ੍ਰਿਥੀ ਸਿੰਘ ਸਮੇਤ ਪੰਜ ਦੇ ਵਿਰੁਧ ਚਲਾਨ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਗੁਰੂਸਰ ਕੇਸ ਸਬੰਧੀ 6 ਲੋਕਾਂ ਦੇ ਵਿਰੁਧ ਚਲਾਨ ਪੇਸ਼ ਕੀਤਾ ਗਿਆ ਹੈ।

ਐਸਆਈਟੀ ਪ੍ਰਮੁੱਖ ਡੀ.ਆਈ.ਜੀ. ਰਣਬੀਰ ਸਿੰਘ ਖਟਰਾ ਨੇ ਦੱਸਿਆ ਕਿ ਗੁਰੂਸਰ ਬੇਅਦਬੀ ਕੇਸ ਸਬੰਧਿਤ ਤਿੰਨ ਮੁੱਖ ਦੋਸ਼ੀਆਂ ਪ੍ਰਦੀਪ ਕਲੇਰ, ਸੰਦੀਪ ਬਰੇਟਾ ਅਤੇ ਹਰਸ਼ ਧੂਰੀ ਅਜੇ ਤੱਕ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਫੂਲ ਅਦਾਲਤ ਨੇ ਪਹਿਲਾਂ ਹੀ ਇਨ੍ਹਾਂ ਦੇ ਵਿਰੁਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹੋਏ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਐਸਆਈਟੀ ਇਨ੍ਹਾਂ ਦੇ ਵਿਰੁਧ ਸਪਲੀਮੈਂਟਰੀ ਚਲਾਨ ਦਰਜ ਕਰੇਗੀ।

ਖਟਰਾ ਨੇ ਦੱਸਿਆ ਕਿ ਇਹ ਤਿੰਨੇ ਹੀ ਵਿਅਕਤੀ ਡੇਰਾ ਸਿਰਸਾ ਦੇ ਨਜ਼ਦੀਕੀ ਹਨ। ਡੀ.ਆਈ.ਜੀ. ਖਟਰਾ ਨੇ ਦੱਸਿਆ ਕਿ ਅਦਾਲਤ ਵਿਚ ਚਲਾਨ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਤੋਂ ਵਿਸ਼ੇਸ ਤੌਰ ‘ਤੇ ਮਨਜ਼ੂਰੀ ਲਈ ਗਈ ਹੈ। ਸੂਤਰਾਂ ਦੇ ਮੁਤਾਬਕ ਮੁੱਖ ਦੋਸ਼ੀ ਪ੍ਰਿਥੀ ਸਿੰਘ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦਾ ਹਿੱਸਾ ਸੀ, ਉਸ ਨੂੰ ਡੇਰਾ ਪ੍ਰਬੰਧਕਾਂ ਵਲੋਂ ਬੇਅਦਬੀ ਕਰਨ ਦੇ ਨਿਰਦੇਸ਼ ਦਿਤੇ ਗਏ ਸਨ।

Related Stories