ਕੀ ਧਰਮੀ ਫ਼ੌਜੀਆਂ ਤੋਂ ਬਾਅਦ ਹੋਰ ਪੀੜਤ ਪਰਵਾਰ ਵੀ ਇਨਸਾਫ਼ ਲੈਣ ਲਈ ਕਰਨਗੇ ਸੰਘਰਸ਼?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਵੇਂ ਪਾਵਨ ਗੁਰਦਵਾਰਿਆਂ ਦੀ ਬੇਹੁਰਮਤੀ ਦੇ ਰੋਸ ਵਜੋਂ ਬਲੂ ਸਟਾਰ ਅਪ੍ਰੇਸ਼ਨ ਮੌਕੇ ਜੂਨ 1984 'ਚ ਬੈਰਕਾਂ ਛੱਡਣ ਵਾਲੇ ਸੈਂਕੜੇ ਧਰਮੀ ਫ਼ੌਜੀ ਤਖ਼ਤਾਂ ਦੇ ਜਥੇਦਾਰਾਂ........

While talking, Manvinder Singh Giaspura

ਕੋਟਕਪੂਰਾ : ਭਾਵੇਂ ਪਾਵਨ ਗੁਰਦਵਾਰਿਆਂ ਦੀ ਬੇਹੁਰਮਤੀ ਦੇ ਰੋਸ ਵਜੋਂ ਬਲੂ ਸਟਾਰ ਅਪ੍ਰੇਸ਼ਨ ਮੌਕੇ ਜੂਨ 1984 'ਚ ਬੈਰਕਾਂ ਛੱਡਣ ਵਾਲੇ ਸੈਂਕੜੇ ਧਰਮੀ ਫ਼ੌਜੀ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ, ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ, ਅਕਾਲੀ ਦਲ ਬਾਦਲ ਕੋਲ ਵਾਸਤੇ ਪਾਉਂਦੇ ਰਹੇ, ਮਿੰਨਤਾਂ ਕਰਦੇ ਰਹੇ ਤੇ ਲੇਲੜੀਆਂ ਵੀ ਕੱਢੀਆਂ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾਉ ਪਾ ਕੇ ਸਨਮਾਨਤ ਕਰ ਦਿਤਾ ਜਾਵੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ। ਹੁਣ ਹੋਂਦ ਚਿੱਲੜ ਤਾਲਮੇਲ ਕਮੇਟੀ ਨੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਸੱਚ ਦੀ ਦੀਵਾਰ 'ਤੇ ਹੋਂਦ ਚਿੱਲੜ ਦੇ ਸ਼ਹੀਦਾਂ ਦੇ ਨਾਮ ਲਿਖਣ ਲਈ ਇਕ ਮਹੀਨੇ ਦਾ ਸਮਾਂ ਦਿੰਦਿਆਂ

ਚਿਤਾਵਨੀ ਦਿਤੀ ਹੈ ਕਿ ਜੇਕਰ ਇਕ ਮਹੀਨੇ ਵਿਚ ਨਵੰਬਰ 1984 'ਚ ਜ਼ਿੰਦਾ ਸਾੜੇ ਗਏ 32 ਸਿੱਖਾਂ ਦੇ ਨਾਮ ਦਿੱਲੀ ਕਮੇਟੀ ਨੇ ਸੱਚ ਦੀ ਦੀਵਾਰ 'ਤੇ ਨਾ ਲਿਖੇ ਤਾਂ 84 ਦੇ ਪੀੜਤ ਪਰਵਾਰਾਂ ਨੂੰ ਨਾਲ ਲੈ ਕੇ ਦਿੱਲੀ ਕਮੇਟੀ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਧਰਨਾ ਲਾਇਆ ਜਾਵੇਗਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਪ੍ਰੈਸ ਨੂੰ ਭੇਜੇ ਪ੍ਰੈਸ ਨੋਟ 'ਚ ਕਰਦਿਆਂ ਦਸਿਆ ਕਿ ਉਨ੍ਹਾਂ ਵਲੋਂ ਕਈ ਵਾਰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਧਰਮ ਪ੍ਰਚਾਰ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਸੱਚ ਦੀ ਦੀਵਾਰ 'ਤੇ ਨਾਮ ਲਿਖਣ ਸਬੰਧੀ 32 ਸਿੱਖਾਂ ਦੀ ਸੂਚੀ ਸੌਂਪੀ ਗਈ

ਹੈ ਅਤੇ ਪ੍ਰਧਾਨ ਵਲੋਂ ਹਰ ਵਾਰ ਪ੍ਰੈਸ ਨੂੰ ਬੁਲਾ ਕੇ ਪ੍ਰੈਸ ਕਾਨਫ਼ਰੰਸ ਤਾਂ ਕਰ ਦਿਤੀ ਗਈ ਪਰ ਪਿਛਲੇ ਪੰਜ ਸਾਲਾਂ ਤੋਂ ਸਿਰਫ਼ ਲਾਰੇ ਹੀ ਹਨ, ਅਮਲੀਜਾਮਾ ਨਹੀਂ ਪਹਿਨਾਇਆ ਗਿਆ। ਉਨ੍ਹਾਂ ਵਲੋਂ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਫ਼ੋਨ 'ਤੇ ਹੁਕਮ ਵੀ ਕਰਵਾਇਆਂ ਸੀ ਕਿ ਸ਼ਹੀਦਾਂ ਦੇ ਨਾਮ ਜਲਦ ਤੋਂ ਜਲਦ ਸੱਚ ਦੀ ਦੀਵਾਰ 'ਤੇ ਲਿਖੇ ਜਾਣ ਪਰ ਉਸ ਗੱਲ ਨੂੰ ਵੀ ਸਾਲ ਹੋ ਗਿਆ ਹੈ ਅਤੇ ਪ੍ਰਧਾਨ ਦੇ ਕੰਨ 'ਤੇ ਜੂੰ ਨਹੀਂ ਸਰਕੀ। ਉਨ੍ਹਾਂ ਵਲੋਂ ਬੇਨਤੀਆਂ ਦੇ ਹਰ ਹੀਲੇ ਫ਼ੇਲ੍ਹ ਹੋ ਗਏ ਹਨ ਤੇ ਹੁਣ ਉਨ੍ਹਾਂ ਨੂੰ ਮਜਬੂਰਨ ਦਿੱਲੀ ਕਮੇਟੀ ਦੇ ਦਫ਼ਤਰ ਅੱਗੇ ਧਰਨਾ ਲਾਉਣਾ ਪਵੇਗਾ, ਕਿਉੁਂਕਿ ਲਾਰਿਆਂ ਤੋਂ ਅੱਕ ਥੱਕ ਚੁਕੇ ਹਨ। 

ਉਨ੍ਹਾਂ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਦਿੱਲੀ ਕਮੇਟੀ ਜਿਹੜੀ ਕਿ ਨਵੰਬਰ 1984 ਦੇ ਪੀੜਤਾਂ ਦੇ ਨਾਮ 'ਤੇ ਰਾਜਨੀਤਕ ਰੋਟੀਆਂ ਤਾਂ ਸੇਕਦੀ ਹੈ ਪਰ ਉਹ ਸ਼ਹੀਦਾਂ ਨੂੰ ਮਾਨਤਾ ਹੀ ਨਹੀਂ ਦੇ ਰਹੀ। ਉਨ੍ਹਾਂ ਜਥੇਦਾਰ ਅਕਾਲ ਤਖ਼ਤ ਨੂੰ ਬੇਨਤੀ ਕੀਤੀ ਕਿ ਉਹ ਦਿੱਲੀ ਕਮੇਟੀ ਨੂੰ ਆਦੇਸ਼ ਕਰਨ ਤਾਂ ਜੋ ਪੀੜਤਾਂ ਨੂੰ ਗੁਰੂਘਰ ਅੱਗੇ ਧਰਨਾ ਨਾ ਲਾਉਣਾ ਪਵੇ। ਇਸ ਮੌਕੇ ਉਨ੍ਹਾਂ ਨਾਲ ਹੋਂਦ ਚਿੱਲੜ ਦੇ ਪੀੜਤ ਬਾਪੂ ਉਤਮ ਸਿੰਘ, ਹਰਭਜਨ ਸਿੰਘ, ਗਿਆਨ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ।