ਕਿਸਾਨੀ ਘੋਲ ਦੇ ਬਣਨ ਲੱਗੇ ਤਰਾਨੇ, ਕਿਸਾਨੀ ਦੇ ਖ਼ਾਤਮੇ ਤੋਂ ਬਾਅਦ ਆਵੇਗੀ ਸਰਕਾਰੀ ਬਾਬੂਆਂ ਦੀ ਵਾਰੀ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨੀ ਘੋਲ ਨਾਲ ਜੁੜੇ ਚਿੰਤਕਾਂ ਨੇ ਲੋਕਾਈ ਨੂੰ ਆਉਣ ਵਾਲੇ ਖ਼ਤਰੇ ਤੋਂ ਕੀਤਾ ਸੁਚੇਤ

Farmers' Struggle

ਚੰਡੀਗੜ੍ਹ : ਅਖਾਣ ਹੈ, ਸਹੇ ਨੂੰ ਨਹੀਂ ਰੋਂਦੀ, ਪਹੇ ਨੂੰ ਰੋਂਦੀ ਹਾਂ, ਅਰਥਾਤ ਜਦ ਕੋਈ ਇਕ ਭੁੱਲ ਰਾਹੀਂ ਕਿਸੇ ਨੂੰ ਨੁਕਸਾਨ ਪਹੁੰਚਾਵੇ, ਤੇ ਉਸ ਤੋਂ ਦੂਜੇ ਨੂੰ ਚਿੰਤਾ ਹੋ ਜਾਵੇ ਕਿ ਮਤਾਂ ਇਹ ਲੀਹ ਹੀ ਪੈ ਜਾਵੇ, ਤਦ ਇਹ ਅਖ਼ਾਣ ਵਰਤਿਆ ਜਾਂਦਾ ਹੈ। ਪੰਜਾਬੀ ਦੇ ਉਪਰੋਕਤ ਅਖਾਣ ਵਾਲੀ ਹਾਲਤ ਇਸ ਵੇਲੇ ਪੰਜਾਬ ਦੀ ਕਿਸਾਨੀ ਦੀ ਬਣੀ ਹੋਈ ਹੈ। ਖੇਤੀ ਆਰਡੀਨੈਂਸਾਂ ਦੇ ਕਾਨੂੰਨ ਦੇ ਰੂਪ ਵਿਚ ਪਾਸ ਹੋਣ ਦੀ ਸੂਰਤ 'ਚ ਕਿਸਾਨੀ ਦੇ ਖ਼ਾਤਮੇ ਦੀ ਅਜਿਹੀ ਸ਼ੁਰੂਆਤ ਹੋਣ ਵਾਲੀ ਹੈ, ਜਿਸ ਦਾ ਰਸਤਾ ਸਰਕਾਰੀ ਬਾਬੂਆਂ ਦੀ ਬਰਬਾਦੀ ਵੱਲ ਵੀ ਜਾਂਦਾ ਹੈ।

ਕਿਸਾਨੀ ਇਕ ਅਜਿਹਾ ਕਿੱਤਾ ਹੈ, ਜਿਸ ਨਾਲ ਵੱਡੀ ਗਿਣਤੀ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ। ਕਿਸਾਨੀ ਸੰਘਰਸ਼ ਨਾਲ ਜੁੜੇ ਚਿੰਤਕਾਂ ਦਾ ਕਹਿਣਾ ਹੈ ਕਿ ਕਿਸਾਨ ਦੇ ਖ਼ਤਮ ਹੋਣ ਦੀ ਸੂਰਤ 'ਚ ਉਸ ਨਾਲ ਜੁੜੇ ਸੀਰੀ, ਪਾਲੀ ਅਤੇ ਮਜ਼ਦੂਰਾਂ ਦਾ ਖ਼ਾਤਮਾ ਹੀ ਤੈਅ। ਮੰਡੀਆਂ ਖ਼ਤਮ ਹੋਣ ਤੋਂ ਬਾਅਦ ਆੜ੍ਹਤੀਆਂ, ਪੱਲੇਦਾਰਾਂ ਸਮੇਤ ਹੋਰ ਕਈ ਮਜ਼ਦੂਰ ਵਿਹਲੇ ਹੋ ਜਾਣਗੇ।

ਇਸ ਤੋਂ ਬਾਅਦ ਮੌਜੂਦਾ ਖੇਤੀ ਮਾਡਲ ਕੰਟਰੈਕਟ ਫਾਰਮਿੰਗ 'ਚ ਤਬਦਲ ਹੋ ਜਾਵੇਗਾ। ਕੰਟਰੈਕਟ ਫਾਰਮਿੰਗ ਸ਼ੁਰੂ ਹੋਣ ਬਾਅਦ ਵੱਡੇ ਵੱਡੇ ਫ਼ਾਰਮਾਂ ਤੋਂ ਮਾਲ ਸਿੱਧਾ ਵੱਡੀਆਂ ਫ਼ੈਕਟਰੀਆਂ 'ਚ ਜਾਵੇਗਾ, ਜਿਸ ਦਾ ਸਿੱਧਾ ਅਸਰ ਖੇਤੀਬਾੜੀ ਨਾਲ ਜੁੜੀਆਂ ਛੋਟੀਆਂ ਇੰਡਸਟਰੀਆਂ 'ਤੇ ਪਵੇਗਾ।  ਫ਼ੈਕਟਰੀ ਤੋਂ ਪੈਕ ਮਾਲ ਸਿੱਧਾ ਵੱਡੇ ਮਾਲਾਂ ਅਤੇ ਸਟੋਰਾਂ 'ਚ ਜਾਵੇਗਾ ਜੋ ਛੋਟੇ ਦੁਕਾਨਦਾਰਾਂ ਦੇ ਧੰਦੇ ਨੂੰ ਨਿਗਲ ਜਾਣਗੇ।

ਕਿਸਾਨਾਂ ਦੀ ਮਾਲਕੀ ਖ਼ਤਮ ਹੋਣ ਤੋਂ ਬਾਅਦ ਟਰੈਕਟਰ ਵਿਹਲੇ ਹੋ ਜਾਣਗੇ। ਕਿਉਂਕਿ ਵੱਡੇ ਫ਼ਾਰਮਾਂ 'ਚ ਕੁੱਝ ਗਿਣਤੀ ਦੇ ਟਰੈਕਟਰਾਂ ਨਾਲ ਹੀ ਕੰਮ ਚੱਲ ਜਾਵੇਗਾ।  ਇਸ ਦਾ ਅਸਰ ਖੇਤੀ ਸੰਦ ਬਣਾਉਣ ਅਤੇ ਮੁਰੰਮਤ ਕਰਨ ਵਾਲੇ ਕਾਮਿਆਂ 'ਤੇ ਪਵੇਗਾ। ਇਸ ਤੋਂ ਅੱਗੇ ਜਦੋਂ ਸਾਰਾ ਕੁੱਝ ਹੀ ਪ੍ਰਾਈਵੇਟ ਹੋ ਗਿਆ ਤਾਂ ਸਰਕਾਰੀ ਨੌਰਕੀਆਂ ਅਤੇ ਸਰਕਾਰੀ ਬਾਬੂਆਂ ਦੀ ਲੋੜ ਵੀ ਖ਼ਤਮ ਹੋ ਜਾਵੇਗੀ। ਸਰਕਾਰੀ ਬਾਬੂਆਂ ਦੀ ਥਾਂ 'ਤੇ ਵੱਡੀਆਂ ਕੰਪਨੀਆਂ ਪੜ੍ਹੇ-ਲਿਖੇ ਬੇਰੁਜ਼ਗਾਰਾਂ ਨੂੰ 8-10 ਹਜ਼ਾਰ ਦੀ ਨੌਕਰੀ 'ਤੇ ਰੱਖ ਕੇ ਕੰਮ ਚਲਾ ਲੈਣਗੀਆਂ।

ਖੇਤੀਬਾੜੀ ਦੇ ਖ਼ਾਤਮੇ ਤੋਂ ਸ਼ੁਰੂ ਹੋਈ ਇਹ ਵਿਨਾਸ਼ਕਾਰੀ ਲਾਈਨ ਇੰਨੀ ਵਿਸ਼ਾਲ ਅਤੇ ਲੰਮੀ ਹੈ ਕਿ ਇਸ ਦਾ ਰਸਤਾ ਦੁਬਾਰਾ ਉਸ ਗੁਲਾਮ ਪ੍ਰਥਾ ਵੱਲ ਨੂ ੰਜਾਂਦਾ ਪ੍ਰਤੀਤ ਹੁੰਦਾ ਹੈ, ਜੋ ਸਾਡੇ ਪੁਰਖੇ ਕਿਸੇ ਵੇਲੇ ਪਿੰਡੇ ਹੰਡਾ ਚੁੱਕੇ ਹਨ। ਕਿਸਾਨਾਂ ਨੂੰ ਜ਼ਮੀਨ ਦੀ ਮਾਲਕੀ ਮਿਲਣ ਦਾ ਲੰਮਾ ਇਤਿਹਾਸ ਹੈ, ਜਿਸ ਨੂੰ ਮੌਜੂਦਾ ਸਰਕਾਰ ਪਲਾਂ-ਛਿਣਾਂ 'ਚ ਖ਼ਤਮ ਕਰਨ ਦਾ ਮੁੱਢ ਬਣ ਰਹੀ ਹੈ। ਕਿਸਾਨਾਂ ਨੂੰ ਜ਼ਮੀਨਾਂ ਦੇ ਹੱਕ ਦੇਣ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗ਼ਲ ਰਾਜ ਨੂੰ ਮਿਟਾਉਣ ਬਾਅਦ ਅਪਣੇ ਥੋੜ-ਚਿਰੇ ਰਾਜ ਦੌਰਾਨ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਮੁਜ਼ਾਰਿਆਂ ਵਲੋਂ ਲੜੇ ਲੰਮੇ ਸੰਘਰਸ਼ਾਂ ਦਾ ਦੌਰ ਸ਼ੁਰੂ ਹੋਇਆ, ਜਿਸ ਦੀ ਬਦੌਲਤ ਕਿਸਾਨ ਜ਼ਮੀਨਾਂ ਦੇ ਮਾਲਕ ਬਣੇ।

ਕਿਸਾਨੀ ਘੋਲ ਦੇ ਹਮਾਇਤੀਆਂ ਨੇ ਲੋਕਾਈ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਜੇ ਵੀ ਇਸ ਨੂੰ ਸਿਰਫ਼ ਕਿਸਾਨੀ ਘੋਲ ਸਮਝ ਕੇ ਘੇਸਲ ਮਾਰੀ ਰੱਖੀ ਤਾਂ ਸਾਨੂੰ ਇਸ ਦਾ ਵੱਡਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਕੱਲੀ ਇਕੱਲੀ ਉਂਗਲ ਨੂੰ ਸਮੇਂ ਦੀਆਂ ਸਰਕਾਰਾਂ ਲਈ ਮਰੋੜ ਕੇ ਪਰੇ ਸੁਟਣਾ ਸੌਖਾ ਹੈ ਪਰ ਜੇ ਉਂਗਲਾਂ ਦੀ ਮੁੱਠੀ ਬਣ ਜਾਵੇ ਤਾਂ ਮਰੋੜਨੀ ਸੌਖੀ ਨਹੀਂ ਹੋਵੇਗੀ। ਗੁਰਸ਼ਰਨ ਭਾ ਜੀ ਦੇ ਕਹਿਣ ਵਾਂਗ ''ਲੋੜ ਪੈਣ 'ਤੇ ਮੁੱਠੀ ਤਾਂ ਮੁੱਕਾ ਵੀ ਬਣ ਜਾਂਦੀ ਐ!''