ਆਰਡੀਨੈਂਸਾਂ ਖਿਲਾਫ਼ ਆਰ-ਪਾਰ ਦੇ ਰੌਂਅ 'ਚ ਕਿਸਾਨ ਜਥੇਬੰਦੀਆਂ, ਚੰਡੀਗੜ੍ਹ 'ਚ ਵਿਸ਼ਾਲ ਰੈਲੀ ਦਾ ਐਲਾਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰਡੀਨੈਂਸਾਂ ਖਿਲਾਫ਼ ਰੈਲੀਆਂ ਦਾ ਐਲਾਨ, ਵਿਧਾਨ ਸਭਾ ਸੈਸ਼ਨ ਵਿਚ ਵੀ ਮਤਾ ਪਾਸ ਕਰੇ ਸਰਕਾਰ

Kisan Union

ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਆਸਰਾ ਲੈ ਕੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ 3 ਆਰਡੀਨੈਂਸਾਂ ਦੇ ਵਿਰੋਧ ਵਚ ਪੰਜਾਬ, ਹਰਿਆਣਾ, ਯੂ.ਪੀ., ਰਾਜਸਥਾਨ ਵਿਚ ਕਿਸਾਨ ਜਥੇਬੰਦੀਆਂ ਵਲੋਂ ਛੇੜੇ ਸੰਘਰਸ਼ ਦਾ ਅਸਰ ਹੁਣ ਬਿਹਾਰ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਤੋਂ ਇਲਾਵਾ ਸਾਰੇ ਦੇਸ਼ ਵਿਚ ਹੀ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੀ ਐਮ.ਐਸ.ਪੀ. ਅਤੇ ਮੰਡੀ ਸਿਸਟਮ ਨੂੰ ਖਤਮ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਅੱਜ ਪੰਜਾਬ ਦੀਆਂ ਜਥੇਬੰਦੀਆਂ ਵਿਚ ਏਕੇ ਦਾ ਰਾਹ ਅਖ਼ਤਿਆਰ ਕਰ ਕੇ 25 ਸਤੰਬਰ ਨੂੰ ਚੰਡੀਗੜ੍ਹ ਵਿਚ ਵੱਡੀ ਰੈਲੀ ਕੇਂਦਰ ਸਰਕਾਰ ਵਿਰੁਧ ਕਰਨ ਦਾ ਐਲਾਨ ਕੀਤਾ।

ਅੱਜ ਸਥਾਨਕ ਕਿਸਾਨ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਦੌਰਾਨ ਤੈਅ ਕੀਤਾ ਕਿ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਜਾਵੇ ਕਿ ਅਗਲੇ ਹਫ਼ਤੇ 28 ਅਗੱਸਤ ਨੂੰ ਹੋਣ ਵਾਲੇ ਇਕ ਦਿਨਾ ਵਿਧਾਨ ਸਭਾ ਸੈਸ਼ਨ ਵਿਚ ਵੀ ਮਤਾ ਪਾਸ ਕਰ ਕੇ ਕੇਂਦਰ ਦੇ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਲਾਗੂ ਕੀਤੇ ਇਨ੍ਹਾਂ 3 ਕੇਂਦਰੀ ਆਰਡੀਨੈਂਸਾਂ ਰਾਹੀਂ ਪੰਜਾਬ 'ਚ ਸਰਕਾਰੀ ਮੰਡੀ ਸਿਸਟਮ ਨੂੰ ਖ਼ਤਮ ਕਰ ਕੇ ਫ਼ਸਲਾਂ ਦੀ ਖ਼ਰੀਦ ਕਾਰਪੋਰੇਟ ਘਰਾਣਿਆਂ, ਪ੍ਰਾਈਵੇਟ ਕੰਪਨੀਆਂ ਅਤੇ ਨਿਜੀ ਵਪਾਰੀਆਂ ਹੱਥ ਦੇਣਾ ਹੈ।

ਮੀਟਿੰਗ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਦਸਿਆ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਚਿੱਠੀ ਲਿਖ ਕੇ ਚੇਤੇ ਕਰਵਾਇਆ ਕਿ ਸਰਬ-ਪਾਰਟੀ ਮੀਟਿੰਗ ਮਗਰੋਂ ਇਕ ਜੁਲਾਈ ਨੂੰ ਕੀਤੀ ਕਿਸਾਨਾਂ ਨਾਲ ਬੈਠਕ ਵਿਚ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਪੰਜਾਬ ਦੀ ਕਿਸਾਨੀ ਦਾ ਮੁੱਦਾ ਕੇਂਦਰ ਨਾਲ ਉਠਾਇਆ ਜਾਵੇਗਾ।

ਰਾਜੇਵਾਲ ਨੇ ਤਾੜਨਾ ਕੀਤੀ ਕਿ ਜੇ ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿਚ ਮਤਾ ਪਾਸ ਨਾ ਕੀਤਾ ਤਾਂ 25 ਸਤੰਬਰ ਦੀ ਚੰਡੀਗੜ੍ਹ ਰੈਲੀ ਵਿਚ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵਿਰੁਧ ਵੀ ਸੰਘਰਸ਼ ਛੇੜਿਆ ਜਾਵੇਗਾ। ਅੱਜ ਦੀ ਕਿਸਾਨ ਜਥੇਬੰਦੀਆਂ ਦੀ ਬੈਠਕ ਵਿਚ ਮੌਂਟੇਕ ਸਿੰਘ ਆਹਲੂਵਾਲੀਆ ਦੀ ਉਸ ਅੰਤਰਮ ਰਿਪੋਰਟ ਦਾ ਵਿਰੋਧ ਵੀ ਕੀਤਾ ਗਿਆ, ਜਿਸ ਵਿਚ ਕਿਸਾਨਾਂ ਦੀ ਮੁਫ਼ਤ ਬਿਜਲੀ, ਸਬਸਿਡੀ ਨੂੰ ਬੰਦ ਕਰਨ ਦਾ ਜ਼ਿਕਰ ਹੈ।

ਰਾਜੇਵਾਲ ਨੇ ਕਿਹਾ ਕਿ 10 ਸਤੰਬਰ ਨੂੰ ਹਰਿਆਣਾ ਦੇ ਪਿੱਪਲੀ ਵਿਚ ਕੀਤੀ ਜਾ ਰਹੀ ਕਿਸਾਨ ਰੈਲੀ ਲਈ ਪੰਜਾਬ ਦੀਆਂ ਜਥੇਬੰਦੀਆਂ ਵਲੋਂ ਵੀ ਪੂਰੀ ਮਦਦ ਕੀਤੀ ਜਾਵੇਗਾ। 25 ਸਤੰਬਰ ਦੀ ਪੰਜਾਬ ਰੈਲੀ ਨੂੰ ਸਿਰੇ ਚਾੜ੍ਹਨ ਲਈ 9 ਮੈਂਬਰੀ ਤਾਲਮੇਲ ਕਮੇਟੀ ਵੀ ਬਣਾਈ ਗਈ, ਜਿਸ ਵਿਚ ਰਾਜੇਵਾਲ ਤੋਂ ਇਲਾਵਾ ਅਜਮੇਰ ਸਿੰਘ ਲੱਖੋਵਾਲ, ਜਗਜੀਤ ਡੱਲੇਵਾਲ, ਬੂਟਾ ਸਿੰਘ ਸ਼ਾਦੀਪੁਰ, ਹਰਮੀਤ ਕਾਦੀਆਂ, ਸਤਨਾਮ ਸਿੰਘ ਬਹਿਰੂ, ਮਨਜੀਤ ਰਾਏ, ਬਲਦੇਵ ਸਿਰਸਾ ਤੇ ਬਲਵਿੰਦਰ ਸਿੰਘ ਰਾਜੂ ਨੂੰ ਸ਼ਾਮਲ ਕੀਤਾ ਗਿਆ। ਇਹ ਸਾਰੇ ਵੱਖੋ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਇੰਦੇ ਅਤੇ ਅਹੁਦੇਦਾਰ ਹਨ ਜੋ ਇਸ ਸੰਘਰਸ਼ ਨੂੰ ਕਾਮਯਾਬ ਕਰਨ ਅਤੇ ਕਾਂਗਰਸ ਸਰਕਾਰ ਨਾਲ ਤਾਲਮੇਲ ਰੱਖਣ 'ਚ ਅਹਿਮ ਭੂਮਿਕਾ ਨਿਭਾਉਣਗੇ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।