ਮਠਿਆਈ ਲਕੋ ਕੇ ਲਿਜਾ ਰਹੇ ਅਖ਼ਬਾਰਾਂ ਦੀ ਡਿਲਵਰੀ ਵਾਲੇ ਵਾਹਨ ਫੜ੍ਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਕਲੀ ਅਤੇ ਗੈਰ ਮਿਆਰੀ ਮਠਿਆਈਆਂ ਦੀ ਵਿਕਰੀ ਵਿਰੁੱਧ ਅਪਣੀ ਜੰਗ ਵਿਚ ਫੂਡ ਸੇਫਟੀ ਟੀਮਾਂ ਵਲੋਂ ੨ ਵੱਖ ਵੱਖ ਛਾਪੇਮਾਰੀਆਂ ਵਿਚ...

Vehicles carrying sweets caught by Food Security Department

ਚੰਡੀਗੜ੍ਹ (ਸਸਸ) : ਨਕਲੀ ਅਤੇ ਗੈਰ ਮਿਆਰੀ ਮਠਿਆਈਆਂ ਦੀ ਵਿਕਰੀ ਵਿਰੁੱਧ ਅਪਣੀ ਜੰਗ ਵਿਚ ਫੂਡ ਸੇਫਟੀ ਟੀਮਾਂ ਵਲੋਂ ੨ ਵੱਖ ਵੱਖ ਛਾਪੇਮਾਰੀਆਂ ਵਿਚ ਅਖ਼ਬਾਰਾਂ ਦੀ ਡਿਲਵਰੀ ਵਾਲੇ ੨ ਵਾਹਨ ਫੜ੍ਹੇ ਗਏ, ਜੋ ਗ਼ੈਰ ਮਿਆਰੀ ਅਤੇ ਮਿਲਾਵਟੀ ਮਠਿਆਈਆਂ ਲੁਕਾ ਕੇ ਲਿਜਾ ਰਹੇ ਸਨ। ਇਹ ਜਾਣਕਾਰੀ ਫੂਡ ਅਤੇ ਡਰੱਗ ਐਡਮਨਿਸਟ੍ਰੇਸ਼ਨ ਕਮਿਸ਼ਨਰ, ਪੰਜਾਬ ਸ੍ਰੀ ਕਾਹਨ ਸਿੰਘ ਪੰਨੂੰ ਨੇ ਦਿਤੀ। ਸਵੇਰੇ ਤਕਰੀਬਨ ੪:੩੦ ਵਜੇ, ਪਠਾਨਕੋਟ ਦੀ ਫੂਡ ਸੇਫਟੀ ਟੀਮ ਵਲੋਂ ੧੫੦ ਕਿਲੋ ਬੂੰਦੀ ਦਾਣਾ ਅਤੇ ੧੦੦ ਕਿਲੋ ਬਰਫੀ ਲਿਜਾਂਦਾ ਟਾਟਾ ਏਸ ਨਾਮੀ ਵਹੀਕਲ ਫੜਿਆ ਗਿਆ।

ਇਸ ਦੇ ਨਾਲ ਹੀ ਜਾਂਚ ਦੌਰਾਨ ਇਸ ਵਹੀਕਲ ਵਿਚੋਂ ਲਵਲੀ ਸਵੀਟਸ, ਨਕੋਦਰ ਰੋਡ, ਜਲੰਧਰ ਨਾਲ ਸਬੰਧਤ ੧੦੦੦ ਕਿਲੋ ਮਠਿਆਈ ਵੀ ਜ਼ਬਤ ਕੀਤੀ ਗਈ। ਮਠਿਆਈਆਂ ਜਿਵੇਂ ਲੱਡੂ, ਗੁਲਾਬਜਾਮੁਨ, ਬਰਫ਼ੀ ਅਤੇ ਸ਼ਕਰਪਾਰੇ ਦੇ ਨਮੂਨੇ ਲੈ ਲਏ ਗਏ ਹਨ। ਟੀਮਾਂ ਦੀ ਚੌਕਸੀ ਦੀ ਸ਼ਲਾਘਾ ਕਰਦਿਆਂ ਸ਼੍ਰੀ ਪੰਨੂੰ ਨੇ ਕਿਹਾ ਕਿ ਕਮਿਸ਼ਨਰੇਟ ਦਾ ਸਮੂਹ ਸਟਾਫ਼ ਤੰਦਰੁਸਤ ਪੰਜਾਬ ਮਿਸ਼ਨ ਦੀ ਕਾਮਯਾਬੀ ਲਈ ਪੂਰੀ ਤਨਦੇਹੀ, ਸਮਰਪਿਤ ਭਾਵਨਾ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਆਮ ਨਾਗਰਿਕ ਅਪਣੇ ਕਮਰਿਆਂ ਵਿਚ ਆਰਾਮ ਦੀ ਨੀਂਦ ਲੈ ਰਹੇ ਹੁੰਦੇ ਹਨ, ਫੂਡ ਸੇਫਟੀ ਟੀਮਾਂ ਉਸ ਵੇਲੇ ਵੀ ਅਪਣੀ ਡਿਊਟੀ ਨਿਭਾ ਰਹੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਵੇਰ ਸੁਵਕਤੇ ਕੀਤੀਆਂ ਜਾਣ ਵਾਲੀਆਂ ਛਾਪੇਮਾਰੀਆਂ ਵਿਚ ਮਹਿਲਾ ਅਧਕਾਰੀਆਂ ਦੀ ਸਵੈ-ਇੱਛਤ ਭਾਗੀਦਾਰੀ ਕਾਬਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਕਮਿਸ਼ਨਰੇਟ ਮਲਾਵਟਖੋਰੀ ਦੀ ਸਮੱਸਿਆ ਦੇ ਖਾਤਮੇ ਲਈ ਵਚਨਬੱਧ ਹੈ।