ਭਾਰਤ ਨਾਲ ਸਬੰਧਾਂ 'ਚ ਸੁਧਾਰ ਲਈ ਪਾਕਿ ਦੀ ਫੌਜ 'ਤੇ ਨਿਯੰਤਰਨ ਰੱਖਣ ਦੀ ਜ਼ਰੂਰਤ : ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੱਕ ਨਹੀ...

Rules out revival of terrorism in Punjab despite attempts by IST to foment trouble

ਚੰਡੀਗੜ੍ਹ (ਸਸਸ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਬੰਧ ਉਦੋਂ ਤੱਕ ਨਹੀ ਸੁਧਰ ਸਕਦੇ ਜਦੋਂ ਤੱਕ ਪਾਕਿਸਤਾਨ ਵਿੱਚ  ਫੌਜ 'ਤੇ ਨਿਯੰਤਰਨ ਨਹੀਂ ਰੱਖਿਆ ਜਾਂਦਾ। ਮੁੱਖ ਮੰਤਰੀ ਨੇ ਕਿਹਾ ਕਿ ਇਮਰਾਨ ਖਾਨ ਜਾ ਹੋਰ ਕੋਈ ਖਾਨ ਉਨ੍ਹਾਂ ਚਿਰ ਕੁੱਝ ਵੀ ਨਹੀ ਕਰ ਸਕਦਾ ਜਿਨ੍ਹਾਂ ਚਿਰ ਉਥੇ ਫੌਜ 'ਤੇ ਕਾਬੂ ਨਹੀਂ ਪਾਇਆ ਜਾਂਦਾ ਕਿਉਂਕਿ ਭਾਰਤ ਨਾਲ ਲਗਾਤਾਰ ਤਣਾਅ ਜਾਰੀ ਰੱਖਣ ਪਿੱਛੇ ਪਾਕਿਸਤਾਨ ਫੌਜ ਦੇ ਆਪਣੇ ਸੌੜੇ ਹਿੱਤ ਹਨ। 

ਉਨ੍ਹਾਂ ਦੁਖ ਪ੍ਰਗਟ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਮੁੜ ਖਟਾਸ ਆ ਗਈ ਹੈ। ਉਨ੍ਹਾਂ ਨੇ ਇਸ ਵਾਸਤੇ ਪਾਕਿਸਤਾਨ ਦੀ ਫੌਜ 'ਤੇ ਦੋਸ਼ ਲਾਇਆ। ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਦੀ ਆਈ.ਐਸ.ਆਈ ਪੰਜਾਬ ਵਿੱਚ ਭੜਕਾਹਟ ਪੈਦਾ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਪਰ ਉਨ੍ਹਾਂ ਨੂੰ ਨਹੀਂ ਲਗਦਾ ਕਿ ਸੂਬੇ ਵਿਚ ਅੱਤਵਾਦ ਮੁੜ ਪੈਦਾ ਹੋ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਸੂਬੇ ਵਿਚ ਅੱਤਵਾਦ ਨੂੰ ਦੇਖ ਲਿਆ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਸਾਰੇ ਕਦਮ ਚੁੱਕ ਰਹੀ ਹੈ ਅਤੇ ਨਸ਼ੇ ਵਿਚ ਫਸੇ ਲੋਕਾਂ ਦਾ ਮੁੜ ਵਸੇਬਾ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਹੈਰੋਇਨ ਦੀ ਸਮਗਲਿੰਗ ਸਮੁੱਚੇ ਦੇਸ਼ ਤੋਂ ਕੀਤੀ ਜਾ ਰਹੀ ਹੈ ਅਤੇ ਹਾਲ ਹੀ ਵਿਚ ਪੁਲਿਸ ਨੇ ਇਸ ਦੀ ਇਕ ਖੇਪ ਫੜੀ ਹੈ। ਇਹ ਖੇਪ ਗੁਜਰਾਤ ਦੇ ਮਨਦਾਵੀ ਤੋਂ ਆਈ ਸੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸੂਬੇ ਵਿਚ ਅਸਥਿਰਤਾ ਪੈਦਾ ਕਰਨ ਲਈ ਸਿਲਸਿਲੇਵਾਰ ਖੇਡ ਖੇਡੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਸੂਬੇ ਵਿਚ ਅਜਿਹਾ ਨਹੀਂ ਹੋਣ ਦੇਣਗੇ ਅਤੇ ਉਨ੍ਹਾਂ ਦੀ ਸਰਕਾਰ ਨਸ਼ੇ ਦੇ ਵਪਾਰੀਆਂ ਅਤੇ ਡੀਲਰਾਂ ਵਿਰੁਧ ਮੁਹਿੰਮ ਜ਼ਾਰੀ ਰੱਖੇਗੀ। ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਵਾਸਤੇ ਉਮਰ ਕੈਦ ਦੀ ਸਜ਼ਾ ਦੇ ਫੈਸਲੇ ਨੂੰ ਪਾਕਿਸਤਾਨ ਦੇ ਬੇਅਦਬੀ ਦੇ ਕਾਨੂੰਨ ਦੇ ਨਾਲ ਸਮਾਨਰੂਪਤਾ ਵਜੋਂ ਦਿਖਾਉਣਾ ਬਿਲਕੁਲ ਵੀ ਸਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਜੇ ਕੋਈ ਇਹ ਸੋਚਦਾ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ, ਬਾਈਬਲ, ਕੁਰਾਨ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਨੂੰ ਜਲਾ ਕੇ ਬੇਅਦਬੀ ਕਰਕੇ ਭੱਜ ਸਕਦਾ ਹੈ ਤਾਂ ਅਸੀ ਉਸ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ ਅਤੇ ਉਸ ਨੂੰ ਇਸ ਘਿਨਾਉਣੇ ਕਾਰਜ ਦਾ ਮੁੱਲ ਤਾਰਨਾ ਹੀ ਪਵੇਗਾ। ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੀਆਂ ਸੰਭਵਾਨਾਵਾਂ ਦੇ ਸਬੰਧ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਅਪਣੇ ਮੁੜ ਉਭਾਰ ਦੇ ਰਾਹ 'ਤੇ ਚਲ ਰਹੀ ਹੈ ਅਤੇ ਇਹ ਕੇਂਦਰ ਵਿਚ ਅਗਲੀ ਸਰਕਾਰ ਬਣਾਵੇਗੀ।

ਉਨ੍ਹਾਂ ਕਿਹਾ ਕਿ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਦੇ ਵਾਸਤੇ ਪਾਰਟੀ ਦੀ ਪਸੰਦ ਹੋਣਗੇ। ਉਨ੍ਹਾਂ ਨੂੰ ਨਿੱਜੀ ਤੌਰ 'ਤੇ ਭਰੋਸਾ ਹੈ ਕਿ ਪਾਰਟੀ ਪ੍ਰਧਾਨ, ਪ੍ਰਧਾਨ ਮੰਤਰੀ ਵਜੋਂ ਸਫਲ ਹੋਣਗੇ। ਮੁੱਖ ਮੰਤਰੀ ਨੇ ਪੰਜ ਸੂਬਿਆਂ ਵਿੱਚ ਹੋ ਰਹੀਆਂ ਚੋਣਾਂ ਵਿਚ ਵੀ ਕਾਂਗਰਸ ਦੀ ਜਿੱਤ ਦੀ ਗੱਲ ਆਖੀ। ਹਾਲ ਹੀ ਵਿਚ ਤੁਰਕੀ ਦੇ ਦੌਰੇ ਦੌਰਾਨ ਗੈਲੀਪੋਲੀ ਦੇ ਹੈਲਸ ਅਤੇ ਤੁਰਕਿਸ਼ ਯਾਦਗਾਰ ਵਿਖੇ ਭਾਰਤੀ ਫੌਜੀਆਂ ਸਣੇ ਰਾਸ਼ਟਰ ਮੰਡਲ ਦੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟ ਕੀਤਾ

ਕਿ ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤੀ ਫੌਜੀਆਂ ਵਲੋਂ ਦਿਖਾਏ ਅਥਾਹ ਹੌਂਸਲੇ ਅਤੇ ਮਿਸਾਲੀ ਬਹਾਦਰੀ ਦੇ ਬਾਵਜੂਦ ਉਨ੍ਹਾਂ ਨੂੰ ਮੁਖ ਤੌਰ 'ਤੇ ਮਾਨਤਾ ਨਹੀਂ ਮਿਲੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਜੰਗ ਵਿੱਚ ਤਕਰੀਬਨ 74 ਹਜ਼ਾਰ ਭਾਰਤੀ ਫੌਜੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਅਤੇ 67 ਹਜ਼ਾਰ ਜਖਮੀ ਹੋਏ ਸਨ ਪਰ ਉਨ੍ਹਾਂ ਦੇ ਮਹਾਨ ਬਲਿਦਾਨ ਨੂੰ ਕੁੱਲ ਮਿਲਾ ਕੇ ਭੁਲਾ ਦਿੱਤਾ ਗਿਆ ਹੈ। 

ਇਕ ਹੋਰ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ। ਇਥੇ ਤਕਰੀਬਨ ਪੂਰਾ ਸਾਲ ਹੀ ਪੱਛਮੀ ਹਵਾਵਾਂ ਚਲਦੀਆਂ ਹਨ। ਜੇ ਦਿੱਲੀ ਦੇ ਪ੍ਰਦੂਸ਼ਣ ਲਈ ਪਰਾਲੀ ਨੂੰ ਸਾੜੇ ਜਾਣਾ ਜ਼ਿੰਮੇਵਾਰ ਹੈ ਤਾਂ ਚੰਡੀਗੜ੍ਹ ਦੀ ਹਵਾ ਵੀ ਪ੍ਰਦੂਸ਼ਿਤ ਹੋਣੀ ਚਾਹੀਦੀ ਹੈ।