ਸੂਟਕੇਸ 'ਚੋਂ ਲਾਸ਼ ਮਿਲਣ ਦਾ ਮਾਮਲਾ: ਪੁਲਿਸ ਨੇ ਜਾਰੀ ਕੀਤੀ ਕਾਤਲ ਦੀ ਤਸਵੀਰ
ਪੋਸਟਮਾਰਟਮ ਦੌਰਾਨ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ।
ਜਲੰਧਰ: ਸਿਟੀ ਸਟੇਸ਼ਨ ਦੇ ਬਾਹਰ ਸੂਟਕੇਸ 'ਚੋਂ ਲਾਸ਼ ਮਿਲਣ ਦੇ ਮਾਮਲੇ ’ਚ ਪੁਲਿਸ ਨੇ ਕਾਤਲ ਦੀ ਤਸਵੀਰ ਜਾਰੀ ਕੀਤੀ ਹੈ। ਦਰਅਸਲ ਜਲੰਧਰ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਪੜਤਾਲ ਕਰਕੇ ਕਾਤਲ ਦਾ ਪਤਾ ਲਗਾ ਲਿਆ ਹੈ ਪਰ ਹਾਲੇ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਸੂਟਕੇਸ ਵਿਚੋਂ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ, ਉਸ ਦੀ ਰਾਤ ਨੂੰ ਹੀ ਹੱਤਿਆ ਕਰ ਦਿੱਤੀ ਗਈ ਸੀ। ਉਸ ਨੂੰ ਮਾਰਨ ਤੋਂ ਤੁਰੰਤ ਬਾਅਦ ਇਕ ਸੂਟਕੇਸ ਵਿਚ ਪੈਕ ਕੀਤਾ ਗਿਆ ਸੀ।
ਪੋਸਟਮਾਰਟਮ ਦੌਰਾਨ ਨੌਜਵਾਨ ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਹੁਣ ਕਾਤਲ ਤੱਕ ਪਹੁੰਚਣ ਲਈ ਪੁਲਿਸ ਨੇ ਰੇਲਵੇ ਸਟੇਸ਼ਨ ਦੇ ਬਾਹਰ ਸੂਟਕੇਸ ਸੁੱਟਣ ਵਾਲੇ ਵਿਅਕਤੀ ਦੀ ਸੀਸੀਟੀਵੀ ਫੁਟੇਜ ਤੋਂ ਫੋਟੋ ਕਢਵਾ ਕੇ ਹਰ ਥਾਂ ਜਾਰੀ ਕਰ ਦਿੱਤੀ ਹੈ ਤਾਂ ਜੋ ਇਸ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਲਾਸ਼ ਮਿਲੀ ਹੈ, ਉਹ ਪ੍ਰਵਾਸੀ ਲੱਗਦਾ ਹੈ। ਪੁਲਿਸ ਨੇ ਮ੍ਰਿਤਕ ਦੇ ਹੱਥ ਵਿਚੋਂ ਇੱਕ ਅੰਗੂਠੀ ਵੀ ਬਰਾਮਦ ਕੀਤੀ ਹੈ ਜਿਸ ’ਤੇ ਸ਼ਮੀਮ ਲਿਖਿਆ ਹੋਇਆ ਸੀ। ਫੋਰੈਂਸਿਕ ਟੀਮ ਨੇ ਮ੍ਰਿਤਕ ਦੇ ਫਿੰਗਰ ਪ੍ਰਿੰਟ ਵੀ ਲਏ ਹਨ। ਉਸ ਨੂੰ ਬਾਇਓ-ਮੈਟ੍ਰਿਕਸ 'ਤੇ ਲਗਾ ਕੇ ਉਸ ਦੀ ਪਛਾਣ ਉਜਾਗਰ ਕਰਨ ਦੇ ਯਤਨ ਕੀਤੇ ਜਾ ਰਹੇ ਹਨ।