ਪੰਜਾਬ ਵਿਚ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਲੋਕਾਂ ਨੇ ਕੀਤਾ ਮੁੱਖ ਮੰਤਰੀ ਚੰਨੀ ਦਾ ਧੰਨਵਾਦ
ਜ਼ਿਲ੍ਹਾ ਮਾਨਸਾ ਦੇ ਦਫ਼ਤਰਾਂ ਵਿਚ ਲਾਗੂ ਹੋਇਆ ਪੰਜਾਬੀ ਰਾਜ ਭਾਸ਼ਾ ਐਕਟ
ਮਾਨਸਾ (ਪਰਮਦੀਪ ਰਾਣਾ): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਲਾਜ਼ਮੀ ਤੌਰ 'ਤੇ ਪੰਜਾਬੀ ਭਾਸ਼ਾ ਵਿਚ ਕੰਮ ਕਰਨ ਦੇ ਆਦੇਸ਼ ਦਿੱਤੇ ਗਏ। ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਚੁੱਕੇ ਗਏ ਪੰਜਾਬ ਸਰਕਾਰ ਦੇ ਇਸ ਕਦਮ ਤੋਂ ਬਾਅਦ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ, ਇਸ ਦੌਰਾਨ ਸਰਕਾਰੀ ਦਫ਼ਤਰਾਂ ਵਿਚ ਕੰਮ ਕਰ ਰਹੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਹੁਕਮ ਤਹਿਤ ਕੋਈ ਵੀ ਅਧਿਕਾਰੀ ਜੋ ਪੰਜਾਬੀ ਭਾਸ਼ਾ ਵਿਚ ਸਰਕਾਰੀ ਕੰਮਕਾਜ ਨਹੀਂ ਕਰੇਗਾ ਉਸ ਨੂੰ ਸਜ਼ਾ ਦੇ ਨਾਲ-ਨਾਲ 50 ਹਜ਼ਾਰ ਦਾ ਜੁਰਮਾਨਾ ਕੀਤਾ ਜਾਵੇਗਾ। ਪੰਜਾਬ ਦਾ ਹਰ ਸਰਕਾਰੀ ਅਧਿਕਾਰੀ ਇਹ ਯਕੀਨੀ ਕਰੇ ਕਿ ਹਰ ਦਫ਼ਤਰੀ ਕੰਮ ਪੰਜਾਬ ਵਿਚ ਪੰਜਾਬੀ ਭਾਸ਼ਾ ਵਿਚ ਹੋਵੇ।
ਇਸ ਸਬੰਧੀ ਗੱਲ ਕਰਦਿਆਂ ਤੇਜਿੰਦਰ ਕੌਰ, ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ ਨੇ ਦੱਸਿਆ ਕਿ ਪੰਜਾਬੀ ਭਾਸ਼ਾ ਐਕਟ 1967 ਵਿਚ ਪਾਸ ਹੋਇਆ ਸੀ। ਇਸ ਤੋਂ ਬਾਅਦ 2008 ਵਿਚ ਇਸ ਵਿਚ ਸੋਧ ਕੀਤੀ ਗਈ, ਜਿਸ ਦੇ ਤਹਿਤ ਸੂਬੇ ਦੇ ਸਰਕਾਰੀ ਅਦਾਰੇ, ਦਫ਼ਤਰਾਂ ਅਤੇ ਵਿੱਦਿਅਕ ਸੰਸਥਾਵਾਂ ਦਾ ਦਫ਼ਤਰੀ ਰਿਕਾਰਡ ਪੰਜਾਬੀ ਵਿਚ ਰੱਖਣ ਦਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ ਜ਼ਿਲ੍ਹਿਆਂ ਵਿਚ ਭਾਸ਼ਾ ਅਫ਼ਸਰ ਨਾ ਹੋਣ ਕਾਰਨ ਇਹ ਐਕਟ ਚੰਗੀ ਤਰ੍ਹਾਂ ਲਾਗੂ ਨਹੀਂ ਹੋ ਸਕਿਆ ਪਰ ਹੁਣ ਪੰਜਾਬ ਸਰਕਾਰ ਵਲੋਂ ਜ਼ਿਲ੍ਹਿਆਂ ਵਿਚ ਭਾਸ਼ਾ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਸਰਕਾਰੀ ਦਫ਼ਤਰਾਂ ਵਿਚ ਮੁੜ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਮਿਲ ਰਿਹਾ ਹੈ।
ਤੇਜਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਨ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਉਹ ਪੰਜਾਬ ਸਰਕਾਰ ਦੀਆਂ ਉਮੀਦਾਂ ’ਤੇ ਖਰੇ ਉਤਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਭਾਸ਼ਾ ਅਫ਼ਸਰ ਨੇ ਦੱਸਿਆ ਕਿ ਉਹਨਾਂ ਵਲੋਂ ਵੱਖ-ਵੱਖ ਦਫ਼ਤਰਾਂ ਵਿਚ ਜਾ ਕੇ ਇਸ ਸਬੰਧੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦਫ਼ਤਰਾਂ ਵਿਚ ਕੰਮ ਕਰ ਰਹੇ ਲੋਕਾਂ ਨੂੰ ਪੰਜਾਬੀ ਭਾਸ਼ਾ ਐਕਟ ਨਾਲ ਜਾਣੂ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਸਮਝਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨ ਕੀਤਾ ਗਿਆ ਹੈ, ਉਸ ਦਿਨ ਤੋਂ ਦਫ਼ਤਰਾਂ ਵਿਚ ਸਾਰੇ ਕੰਮਕਾਜ ਪੰਜਾਬੀ ਵਿਚ ਕੀਤੇ ਜਾ ਰਹੇ ਹਨ ਅਤੇ ਜਿੰਨੇ ਵੀ ਪੱਤਰ ਜਾਰੀ ਹੋ ਰਹੇ ਹਨ ਸਭ ਪੰਜਾਬੀ ਵਿਚ ਕੀਤੇ ਜਾ ਰਹੇ ਹਨ। ਇਸ ਨਾਲ ਆਮ ਜਨਤਾ ਨੂੰ ਵੀ ਸਰਕਾਰੀ ਨਿਯਮ ਜਾਂ ਫੈਸਲੇ ਸਮਝਣ ਵਿਚ ਆਸਾਨੀ ਹੋ ਰਹੀ ਹੈ। ਦਫ਼ਤਰਾਂ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ। ਮਾਨਸਾ ਦੇ ਐਡਵੋਕੇਟ ਪ੍ਰੇਮਨਾਥ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਨੂੰ ਹੋਰ ਤਰੱਕੀ ਵੱਲ ਲਿਜਾਉਣ ਲਈ ਵੱਡੇ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਨੇ ਦੋ ਮਹੀਨਿਆਂ ਵਿਚ ਸਾਰੇ ਕੰਮ ਕਰਕੇ ਸਾਬਿਤ ਕਰ ਦਿੱਤਾ ਕਿ ਉਹ ਸੱਚਮੁੱਚ ਪੰਜਾਬ ਦੇ ਹਮਾਇਤੀ ਹਨ।
ਸੰਜੀਵ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮਾਨਸਾ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਰਾ ਦਫਤਰੀ ਕੰਮ ਪੰਜਾਬੀ ਵਿਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਵੱਖ-ਵੱਖ ਸਕੂਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿਚ ਜਾ ਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰਾ ਕੰਮ ਪੰਜਾਬੀ ਮਾਤ ਭਾਸ਼ਾ ਵਿਚ ਕੀਤਾ ਜਾਵੇ। ਇਸ ਮੌਕੇ ਗੱਲ ਕਰਦਿਆਂ ਸਕੂਲਾਂ ਦੇ ਅਧਿਆਪਕਾਂ ਨੇ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਹ ਪੰਜਾਬੀ ਭਾਸ਼ਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਮਿਹਨਤ ਕਰਨਗੇ ਅਤੇ ਬੱਚਿਆਂ ਨੂੰ ਵੱਧ-ਵੱਧ ਪੰਜਾਬੀ ਭਾਸ਼ਾ ਬੋਲਣ ਲਈ ਪ੍ਰੇਰਿਤ ਕਰਨਗੇ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ ਵਿਚ ਅਪਣੀ ਕੌਮ ਦਾ ਨਾਂਅ ਰੌਸ਼ਨ ਕਰ ਰਹੇ ਹਨ, ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸੂਬੇ ਵਿਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ।