ਕਾਂਗਰਸ ’ਚ ਮਤਭੇਦ ਦੀਆਂ ਅਫਵਾਹਾਂ ‘ਤੇ ਬੋਲੇ ਵੇਰਕਾ- ਵਿਚਾਰ ਅਲਗ ਹੋ ਸਕਦੇ ਨੇ ਪਰ ਮੰਜ਼ਿਲ ਸਭ ਦੀ ਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੇਸ਼ੱਕ ਵਿਚਾਰਧਾਰਾ ਵਿਚ ਥੋੜਾ-ਬਹੁਤ ਫਰਕ ਹੋ ਸਕਦਾ ਹੈ ਪਰ ਅਖੀਰ ਵਿਚ ਜਦੋਂ ਲੋਕਾਂ ਵਿਚ ਜਾ ਕੇ ਲੋਕਾਂ ਲਈ ਕੰਮ ਕਰਨਾ ਹੈ ਤਾਂ ਸਾਰੇ ਮਿਲ ਕੇ ਕੰਮ ਕਰਨਗੇ- ਵੇਰਕਾ

Raj Kumar Verka

ਚੰਡੀਗੜ੍ਹ(ਅਮਨਪ੍ਰੀਤ ਕੌਰ) : ਕਾਂਗਰਸੀ ਵਿਧਾਇਕ ਅਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜਕੁਮਾਰ ਵੇਰਕਾ ਨੇ ਸੁਨੀਲ ਜਾਖੜ ਅਤੇ ਨਵਜੋਤ ਸਿੰਘ ਸਿੱਧੂ ਦੀ ਕੱਲ੍ਹ ਹੋਈ ਮੀਟਿੰਗ ਨੂੰ ਲੈ ਕੇ ਕਿਹਾ ਕਿ ਹਰ ਵਿਅਕਤੀ ਦੇ ਕਿਸੇ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਸਾਰਿਆਂ ਦੀ ਪਾਰਟੀ ਇਕ ਹੈ, ਸਭ ਦੀ ਮੰਜ਼ਿਲ ਇਕ ਹੈ। ਸਾਰਿਆਂ ਨੇ ਜਨਤਾ ਲਈ ਅਤੇ ਕਾਂਗਰਸ ਲਈ ਹੀ ਕੰਮ ਕਰਨਾ ਹੈ। ਬੇਸ਼ੱਕ ਵਿਚਾਰਧਾਰਾ ਵਿਚ ਥੋੜਾ-ਬਹੁਤ ਫਰਕ ਹੋ ਸਕਦਾ ਹੈ ਪਰ ਅਖੀਰ ਵਿਚ ਜਦੋਂ ਲੋਕਾਂ ਵਿਚ ਜਾ ਕੇ ਲੋਕਾਂ ਲਈ ਕੰਮ ਕਰਨਾ ਹੈ ਤਾਂ ਸਾਰੇ ਮਿਲ ਕੇ ਕੰਮ ਕਰਨਗੇ।

ਕਾਂਗਰਸੀ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦੇ ਮਾਮਲੇ ਵਿਚ ਵਿਰੋਧੀ ਧਿਰਾਂ ਵਲੋਂ ਕਾਂਗਰਸ ਸਰਕਾਰ 'ਤੇ ਲਗਾਤਾਰ ਚੁੱਕੇ ਜਾ ਰਹੇ ਸਵਾਲਾਂ ’ਤੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਪੰਜਾਬ ਦੀ 60 ਫੀਸਦੀ ਆਬਾਦੀ ਕਾਂਗਰਸ ਦੇ ਲੋਕਾਂ ਦੀ ਹੋ ਚੁੱਕੀ ਹੈ। ਜਿਹੜੇ ਲੋਕ ਕਾਂਗਰਸ ਦਾ ਸਮਰਥਨ ਕਰਦੇ ਹਨ, ਅਜਿਹੇ 'ਚ ਜੇਕਰ ਉਹਨਾਂ 'ਚੋਂ ਕਿਸੇ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ ਤਾਂ ਸਵਾਲ ਹੀ ਪੈਦਾ ਨਹੀਂ ਹੋਣਾ ਚਾਹੀਦਾ। ਉਹਨਾਂ ਕਿਹਾ ਜੇਕਰ 40,000 ਨੌਕਰੀਆਂ ਵਿਚੋਂ ਇਕ ਜਾਂ ਦੋ ਨੌਕਰੀਆਂ ਕਿਸੇ ਵੱਡੇ ਆਗੂ ਦੇ ਰਿਸ਼ਤੇਦਾਰ ਨੂੰ ਮਿਲਦੀ ਹੈ, ਇਸ 'ਤੇ ਸਵਾਲ ਨਹੀਂ ਕਰਨਾ ਚਾਹੀਦਾ।

ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਰਾ ਨੂੰ ਬਸੀ ਪਠਾਣਾ ਤੋਂ ਟਿਕਟ ਦੇਣ ਨੂੰ ਲੈ ਕੇ ਕਾਂਗਰਸੀ ਆਗੂ ਨਾਰਾਜ਼ ਹੋ ਰਹੇ ਹਨ ਅਤੇ ਮੌਜੂਦਾ ਵਿਧਾਇਕ ਜੀ.ਪੀ. ਲਗਾਤਾਰ ਇਸ ਦਾ ਵਿਰੋਧ ਕਰ ਰਹੇ ਹਨ। ਇਸ ਬਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਇਸ ਬਾਰੇ ਫੈਸਲਾ ਨਹੀਂ ਕਰ ਸਕਦੇ ਹਾਲਾਂਕਿ ਦਾਅਵੇਦਾਰੀ ਕੋਈ ਵੀ ਕਰ ਸਕਦਾ ਹੈ ਪਰ ਅੰਤਿਮ ਫੈਸਲਾ ਕਾਂਗਰਸ ਹਾਈਕਮਾਂਡ ਦਾ ਹੋਵੇਗਾ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਸਰਕਾਰ 'ਤੇ ਲਗਾਤਾਰ ਲਗਾਏ ਜਾ ਰਹੇ ਆਰੋਪਾਂ ਦਾ ਜਵਾਬ ਦਿੰਦਿਆਂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਸੀਂ ਕਿਸੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਅਤੇ ਸਾਫ-ਸੁਥਰੇ ਅਕਸ ਵਾਲੇ ਵਿਅਕਤੀ ਨੂੰ ਕਾਂਗਰਸ ਸਰਕਾਰ ਤੋਂ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ| ਉਹਨਾਂ ਕਿਹਾ ਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਪਰ ਜੀਜਾ-ਸਾਲਾ ਲਗਾਤਾਰ ਰੌਲਾ ਪਾ ਰਹੇ ਹਨ। ਕਾਨੂੰਨ ਅਪਣੇ ਹਿਸਾਬ ਨਾਲ ਕੰਮ ਕਰ ਰਿਹਾ ਹੈ।