ਮੁਹੰਮਦ ਸਦੀਕ ਨੇ ਲੋਕ ਸਭਾ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- ਆਮਦਨ ਦੁੱਗਣੀ ਕਰਨ ਵਾਲੇ ਜੁਮਲੇ ਕਿੱਥੇ ਗਏ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ- ਸਰਕਾਰ ਨੇ ਆਪਣਾ ਬੱਬਰ ਤਾਂ ਭਰ ਲਿਆ ਪਰ ਲੋਕਾਂ ਦੇ ਭਾਂਡੇ ਮੂਧੇ ਮਾਰ ਦਿੱਤੇ

Muhammad Sadiq

 

ਨਵੀਂ ਦਿੱਲੀ: ਸੰਸਦ ਦੇ ਸਰਦ ਰੁੱਤ ਇਜਲਾਸ ਦੌਰਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਸਦਨ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨਾਂ ਪ੍ਰਤੀ ਕੇਂਦਰ ਸਰਕਾਰ ਦਾ ਰਵੱਈਆ ਕੋਈ ਬਹੁਤਾ ਵਧੀਆ ਨਹੀਂ। ਸਰਕਾਰ ਨੇ ਦੇਸ਼ ਦੇ ਅੰਨਦਾਤਾ ਨੂੰ ਭਰੋਸਾ ਦਿੱਤਾ ਸੀ ਕਿ ਉਹਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ। ਸਰਕਾਰ ਨੇ ਆਪਣੇ ਬੋਲ ਤਾਂ ਪੁਗਾ ਦਿੱਤੇ ਪਰ ਖੇਤੀਬਾੜੀ ਦੀ ਲਾਗਤ ਦੁੱਗਣੀ ਕਰ ਦਿੱਤੀ ਪਰ ਕਿਸਾਨ ਦੀ ਆਮਦਨ ਉੱਥੇ ਦੀ ਉੱਥੇ ਹੀ ਖੜ੍ਹੀ ਹੈ।

ਉਹਨਾਂ ਦੱਸਿਆ ਕਿ ਖਾਦ, ਕੀੜੇਮਾਰ ਦਵਾਈਆਂ, ਟਰੈਕਟਰ ਦੇ ਪੁਰਜ਼ੇ, ਡੀਜ਼ਲ ਸਭ ਕੁੱਝ ਮਹਿੰਗਾ ਹੈ। ਸਰਕਾਰ ਇਹਨਾਂ ਉੱਤੇ ਟੈਕਸ ਵੀ ਲਗਾ ਰਹੀ ਹੈ। ਸਰਕਾਰ ਨੇ ਆਪਣਾ ਬੱਬਰ ਤਾਂ ਭਰ ਲਿਆ ਪਰ ਲੋਕਾਂ ਦੇ ਭਾਂਡੇ ਮੂਧੇ ਮਾਰ ਦਿੱਤੇ। ਉਹਨਾਂ ਕਿਹਾ ਸਰਕਾਰ ਆਪਣੇ ਮੂੰਹੋਂ ਕਹਿੰਦੀ ਹੈ, ‘ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ’।

ਕਿਸਾਨਾਂ ਦੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਮੁਹੰਮਦ ਸਦੀਕ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ 21 ਨਵੰਬਰ 2021 ਨੂੰ ਸਰਕਾਰ ਨੂੰ ਪੱਤਰ ਲਿਖ ਕੇ ਆਪਣੀਆਂ ਮੰਗਾਂ ਦੱਸੀਆਂ ਸਨ। ਉਸ ਪੱਤਰ ਦੇ ਜਵਾਬ ਵਿਚ ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਸੰਜੇ ਅਗਰਵਾਲ ਨੇ ਪੱਤਰ ਲਿਖ ਕੇ ਭਰੋਸਾ ਦਿੱਤਾ ਸੀ ਕਿ ਮੋਰਚਾ ਵਾਪਸ ਲੈ ਲਓ, ਸਾਰੇ ਮਸਲੇ ਹੱਲ਼ ਹੋ ਜਾਣਗੇ। ਸਰਕਾਰ ਦੇ ਭਰੋਸੇ ਦੇ ਬਾਵਜੂਦ ਕਿਸਾਨ ਅਤੇ ਗਰੀਬ ਦਾ ਕੁਝ ਨਹੀਂ ਬਣਿਆ।