ਬਿਜਲੀ ਮੁੱਦਾ : ਸੁਨੀਲ ਜਾਖੜ ਦੀ ਕੈਪਟਨ ਨੂੰ ਵੱਡੀ 'ਨਸੀਹਤ'

ਏਜੰਸੀ

ਖ਼ਬਰਾਂ, ਪੰਜਾਬ

ਸਮਝੌਤਿਆਂ ਦੀ ਪੀਡੀ ਗੰਢ ਨਾਲ ਮਹਾਨ ਸਿਕੰਦਰ ਵਾਂਗ ਨਿਬੜੋ!

file photo

ਚੰਡੀਗੜ੍ਹ : ਮਹਿੰਗੀ ਬਿਜਲੀ ਦਾ ਮੁੱਦੇ ਦੀ ਗੂੰਜ ਹੁਣ ਵਿਧਾਨ ਸਭਾ ਤੋਂ ਲੈ ਕੇ ਸਰਕਾਰ ਦੇ ਅੰਦਰ ਤੇ ਬਾਹਰ ਵੀ ਸੁਣਾਈ ਦੇਣ ਲੱਗੀ ਹੈ। ਜਿੱਥੇ ਵਿਰੋਧੀਆਂ ਵਲੋਂ ਸਰਕਾਰ ਨੂੰ ਘੇਰਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦਿਤਾ ਜਾ ਰਿਹਾ, ਉਥੇ ਹੀ ਸਰਕਾਰ ਦੇ ਅੰਦਰੋਂ ਵੀ ਇਸ ਸਬੰਧੀ ਕਿਸੇ ਵੱਡੇ ਫ਼ੈਸਲੇ ਨੂੰ ਅੰਜ਼ਾਮ ਦੇਣ ਲਈ ਦਬਾਅ ਵਧਦਾ ਨਜ਼ਰ ਆ ਰਿਹਾ ਹੈ।

ਤਾਜ਼ਾ ਮਾਮਲੇ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਮੁੱਦੇ 'ਤੇ ਮਹਾਨ ਸਿਕੰਦਰ ਵਾਂਗ ਵਿਚਰਨ ਦੀ ਸਲਾਹ ਦਿਤੀ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤਿਆਂ ਦੀ ਪੀਡੀ ਗੰਢ ਨੂੰ ਤੋੜਣ ਖ਼ਾਤਰ ਮਹਾਨ ਸਿਕੰਦਰ ਵਾਂਗ ਦ੍ਰਿੜ੍ਹ ਸੰਕਲਪ ਹੋਣ ਦੀ ਲੋੜ ਹੈ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਸੂਬੇ ਦੇ ਲੋਕ ਮਹਿੰਗੀ ਬਿਜਲੀ ਤੋਂ ਰਾਹਤ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਗ਼ਲਤ ਸਮਝੌਤੇ ਕਰਨ ਵਾਲਿਆਂ ਨੂੰ ਜਨਤਾ ਸਾਹਮਣੇ ਬੇਨਕਲਾਬ ਕਰਨਾ ਚਾਹੀਦੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਹਾਨ ਸਿਕੰਦਰ ਨੇ ਗੁੰਝਲਦਾਰ ਗੰਢ ਨੂੰ ਤਲਵਾਰ ਨਾਲ ਵੱਢ ਦਿਤਾ ਸੀ, ਉਥੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਦ੍ਰਿੜ੍ਹ ਨਿਸਚਾ ਕਰਦਿਆਂ ਮਹਿੰਗੀ ਬਿਜਲੀ ਲਈ ਜ਼ਿੰਮੇਵਾਰ ਸਮਝੌਤਿਆਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ।

ਸੁਨੀਲ ਜਾਖੜ ਦਾ ਬਿਆਨ ਅਜਿਹੇ ਵੇਲੇ ਆਇਆ ਹੈ ਜਦੋਂ ਬਿਜਲੀ ਦਰਾਂ 'ਚ ਵਾਧੇ ਦੇ ਮੁੱਦੇ 'ਤੇ ਸਿਆਸੀ ਗਲਿਆਰਿਆਂ ਅੰਦਰ ਘਮਾਸਾਨ ਮੱਚੀ ਹੋਈ ਹੈ। ਹਰ ਕੋਈ ਮਹਿੰਗੀ ਬਿਜਲੀ ਦਾ ਦੋਸ਼ ਦੂਜੇ ਸਿਰ ਮੜ੍ਹ ਕੇ ਖੁਦ ਨੂੰ ਸੁਰਖਰੂ ਕਰਨ ਦੀ ਕੋਸ਼ਿਸ਼ 'ਚ ਹੈ। ਦੂਜੇ ਪਾਸੇ ਮਹਿੰਗੀ ਬਿਜਲੀ ਦੇ ਝਟਕੇ ਸਿਵਾਏ 'ਆਪ' ਦੇ ਸਭ ਨੂੰ ਲੱਗਣੇ ਲਗਭਗ ਤੈਅ ਹਨ।

ਜਿੱਥੇ ਅਕਾਲੀਆਂ 'ਤੇ ਨਿੱਜੀ ਬਿਜਲੀ ਕੰਪਨੀਆਂ ਨਾਲ ਮਾਰੂ ਸਮਝੌਤੇ ਕਰਨ ਦੇ ਇਲਜ਼ਾਮ ਲੱਗ ਰਹੇ ਹਨ ਉਥੇ ਹੀ ਕਾਂਗਰਸ 'ਤੇ ਇਨ੍ਹਾਂ ਸਮਝੌਤਿਆ ਨੂੰ ਰੱਦ ਨਾ ਕਰਨ ਕਾਰਨ ਮਿਲੀਭੁਗਤ ਦੇ ਦੋਸ਼ ਲੱਗ ਰਹੇ ਹਨ। ਜਦਕਿ ਆਪ ਦੇ ਦੋਵਾਂ ਹੱਥਾਂ 'ਚ ਲੱਡੂ ਹਨ। ਉਹ ਇਸ ਮੁੱਦੇ 'ਤੇ ਦੋਵੇਂ ਧਿਰਾਂ 'ਤੇ ਹਮਲਾਵਰ ਰੁਖ ਅਪਣਾ ਕੇ ਇਕ ਤੀਰ ਨਾਲ ਦੋ-ਦੋ ਨਿਸ਼ਾਨੇ ਫੁੰਡਣ 'ਚ ਲੱਗੀ ਹੋਈ ਹੈ।