ਸੱਤਾ ‘ਚ ਆਉਣ ਤੋਂ ਬਾਅਦ 1 ਰੁਪਏ ‘ਚ ਬਿਜਲੀ-ਪਾਣੀ ਦੇਵੇਗੀ ਭਾਜਪਾ
ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਗੂਆਂ ਦੇ ਵੱਡੇ-ਵੱਡੇ ਦਾਅਵੇ ਸ਼ੁਰੂ ਹੋ ਗਏ ਹਨ।
ਨਵੀਂ ਦਿੱਲੀ: ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਹੀ ਆਗੂਆਂ ਦੇ ਵੱਡੇ-ਵੱਡੇ ਦਾਅਵੇ ਸ਼ੁਰੂ ਹੋ ਗਏ ਹਨ। ਜਿੱਥੇ ਇਕ ਪਾਸੇ ਦਿੱਲੀ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਇਕ ਵਾਰ ਫਿਰ ਤੋਂ ਦਿੱਲੀ ਦੀ ਸੱਤਾ ਹਾਸਲ ਕਰਨ ਦੇ ਦਾਅਵੇ ਕਰ ਰਹੀ ਹੈ ਤਾਂ ਦੂਜੇ ਪਾਸੇ ਕੇਂਦਰ ਦੀ ਸੱਤਾਧਾਰੀ ਪਾਰਟੀ ਭਾਜਪਾ ਦੇ ਆਗੂਆਂ ਦੇ ਦਾਅਵੇ ਵੀ ਸ਼ੁਰੂ ਹੋ ਗਏ ਹਨ।
ਇਸੇ ਦੌਰਾਨ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਸੋਮਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਸੱਤਾ ਵਿਚ ਆਉਣ ‘ਤੇ ਸ਼ਹਿਰ ਵਿਚ ਗਰੀਬਾਂ ਨੂੰ ਇਕ ਰੁਪਏ ਦੀ ਟੋਕਨ ਫੀਸ ‘ਤੇ ਪਾਣੀ ਅਤੇ ਬਿਜਲੀ ਦੇਵੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੁਫਤ ਪਾਣੀ ਅਤੇ ਬਿਜਲੀ ਯੋਜਨਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਪੱਛਮੀ ਦਿੱਲੀ ਦੇ ਭਾਜਪਾ ਸੰਸਦ ਨੇ ਕਿਹਾ ਕਿ ਇਕ ਰੁਪਏ ਦੀ ਟੋਕਨ ਫੀਸ ਨਾਲ ਦਿੱਲੀ ਵਾਸੀਆਂ ਦੇ ਸਵੈ-ਮਾਣ ਦਾ ਸਨਮਾਨ ਕੀਤਾ ਜਾਵੇਗਾ।
ਵਰਮਾ ਨੇ ਕਿਹਾ ਕਿ ਉਨ੍ਹਾਂ ਨੇ ਪਾਰਟੀ ਦੀ ਮੈਨੀਫੈਸਟੋ ਕਮੇਟੀ ਨੂੰ ਆਪਣਾ ਸੁਝਾਅ ਦਿੱਤਾ ਹੈ ਅਤੇ 8 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਹ ਭਾਜਪਾ ਦਾ ਇਕ ਚੋਣ ਵਾਅਦਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਚੋਣ ਹਾਲ ਵਿਚ 6 ਜਨਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਕ ਦਾ ਐਲਾਨ ਕੀਤਾ ਸੀ।
ਕਮਿਸ਼ਨ ਨੇ ਕਿਹਾ ਕਿ 8 ਫਰਵਰੀ ਨੂੰ ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਹੋਣਗੀਆਂ ਅਤੇ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਚੋਣ ਤਰੀਕਾਂ ਦਾ ਐਲਾਨ ਹੁੰਦੇ ਸਾਰ ਹੀ ਦਿੱਲੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।