ਸੁਖਬੀਰ ਬਾਦਲ ਨਾਲ ਹੁਣ ਕੋਈ ਸਮਝੌਤਾ ਨਹੀਂ ਕਰਾਂਗੇ : ਢੀਂਡਸਾ    

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਤੇ ਬਾਦਲ ਆਪਸ 'ਚ ਮਿਲੇ ਹੋਏ ਹਨ

Photo

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਤੋਂ 'ਸਿਧਾਂਤਾਂ ਦੀ ਲੜਾਈ' ਦੇ ਨਾਂ 'ਤੇ ਬਗ਼ਾਵਤ ਕਰ ਚੁੱਕੇ ਢੀਂਡਸਾ ਪਰਵਾਰ ਨੂੰ ਪੰਜਾਬ ਵਿਚੋਂ ਲੋਕਾਂ ਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੇ ਮਿਲ ਰਹੇ ਸਮਰਥਨ ਤੋਂ ਗਦ ਗਦ ਹੋਏ ਸਾਬਕਾ ਵਿੱਤ ਮੰਤਰੀ ਅਤੇ ਮੌਜੂਦਾ ਐਮ ਐਲ ਏ ਹਲਕਾ ਲਹਿਰਾ ਪਰਮਿੰਦਰ ਸਿੰਘ ਢੀਂਡਸਾ ਨੇ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਅਪਣੇ ਸਮਰਥਕਾਂ ਨਾਲ ਮੀਟਿੰਗ ਕੀਤੀ।

ਢੀਂਡਸਾ  ਨੇ ਕਿਹਾ ਕਿ ਢੀਂਡਸਾ ਪਰਵਾਰ ਅਪਣੇ ਮਿਸ਼ਨ 'ਸਿਧਾਂਤਾਂ ਦੀ ਲੜਾਈ' ਨਾਲ ਕੋਈ ਸਮਝੌਤਾ ਨਹੀਂ ਕਰੇਗਾ, ਸ਼੍ਰੋਮਣੀ ਅਕਾਲੀ ਦਲ ਦਾ ਪੰਚ ਪ੍ਰਧਾਨੀ ਸਿਧਾਂਤ ਸੀ, ਜਿਸ ਤੋਂ ਅਕਾਲੀ ਦਲ ਤਾਨਾਸ਼ਾਹੀ ਕਰ ਕੇ ਭਟਕ ਗਿਆ।  ਇਸ ਉਪਰੰਤ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਢੀਂਡਸਾ ਨੇ ਕਿਹਾ ਕਿ ਅਸੀਂ ਨਿੱਜੀ ਮੁਫਾਦਾਂ ਦੀ ਲੜਾਈ ਨਹੀਂ ਲੜਦੇ ਇਸ ਲਈ ਸੁਖਬੀਰ ਸਿੰਘ ਬਾਦਲ ਨਾਲ ਕਿਸੇ ਵੀ ਕੀਮਤ 'ਤੇ ਸਮਝੌਤੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਉਹ ਸਾਰੀਆਂ ਹੀ ਪਾਰਟੀਆਂ ਦੇ ਆਗੂਆਂ ਨੂੰ ਨਾਲ ਲੈ ਕੇ ਸਿਧਾਂਤਾਂ ਦੀ ਲੜਾਈ ਜਾਰੀ ਰੱਖਣਗੇ। ਢੀਂਡਸਾ ਕਿਹਾ ਕਿ ਸਰਨਾ ਭਰਾਵਾਂ ਤੇ ਹੋਰ ਟਕਸਾਲੀਆਂ ਵੱਲੋਂ 18 ਜਨਵਰੀ ਨੂੰ ਦਿੱਲੀ ਵਿਖੇ ਰੱਖੀ ਗਈ ਰੈਲੀ ਵਿਚ ਉਹ ਜ਼ਰੂਰ ਸ਼ਾਮਲ ਹੋਣਗੇ ਤੇ ਦਿੱਲੀ ਚੋਣਾਂ ਵਿਚ ਕਿਸੇ ਵੀ ਪਾਰਟੀ ਦਾ ਸਮਰਥਨ ਕਰਨ ਸਬੰਧੀ ਸਾਰੇ ਆਗੂਆਂ ਦੀ ਸਹਿਮਤੀ ਨਾਲ ਫ਼ੈਸਲਾ ਕੀਤਾ ਜਾਵੇਗਾ।

ਪਰਿਵਾਰ ਉਪਰ ਕਾਂਗਰਸ ਨਾਲ ਮਿਲੀਭੁਗਤ ਦੇ ਲੱਗ ਰਹੇ ਦੋਸ਼ਾਂ ਤੋਂ ਸਪੱਸ਼ਟ ਇਨਕਾਰ ਕਰਦਿਆਂ ਕਿਹਾ ਬਰਗਾੜੀ ਬੇਅਬਦੀ ਕਾਂਡ 'ਤੇ ਅੱਜ ਤਕ ਕੋਈ ਕਾਰਵਾਈ ਨਾ ਹੋਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਵਾਰ ਆਪਸ ਵਿਚ ਮਿਲੇ ਹੋਏ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾ ਰਹੇ ਹਨ ਪਰ ਸ. ਢੀਂਡਸਾ ਦੀ ਸੋਚ ਪੰਜਾਬ ਨੂੰ ਬੁਲੰਦੀਆਂ 'ਤੇ ਲੈ ਕੇ ਜਾਣ ਦੀ  ਹੈ, ਢੀਂਡਸਾ ਪਰਵਾਰ ਅਪਣੇ ਮਿਸ਼ਨ ਤੋਂ ਕਿਸੇ ਵੀ ਕੀਮਤ 'ਤੇ ਪਿੱਛੇ ਨਹੀਂ ਹਟੇਗਾ।