Punjab News: ਜਲੰਧਰ ਵਿਚ ਖੂਨ ਨਾਲ ਲੱਥ-ਪੱਥ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼; ਪ੍ਰਵਾਰ ਨੇ ਜਤਾਇਆ ਹਤਿਆ ਦਾ ਖਦਸ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੂੰਹ ਅਤੇ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ

Youth Murdered in Jalandhar's Leather Complex

Punjab News: ਜਲੰਧਰ ਦੇ ਲੈਦਰ ਕੰਪਲੈਕਸ ਨੇੜੇ ਬੁੱਧਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਮ੍ਰਿਤਕ ਦੀ ਪਛਾਣ ਅੰਕੁਲ ਕੁਮਾਰ (17) ਵਾਸੀ ਰਾਜ ਨਗਰ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਗਰਦਨ 'ਤੇ ਕਿਸੇ ਤਿੱਖੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਸਵੇਰੇ ਕਰੀਬ 9.15 ਵਜੇ ਇਕ ਰਾਹਗੀਰ ਨੇ ਲੈਦਰ ਕੰਪਲੈਕਸ ਦੇ ਗੰਦੇ ਨਾਲੇ ਨੇੜੇ ਇਕ ਲਾਸ਼ ਪਈ ਦੇਖੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ 'ਚ ਦਿਤੀ ਗਈ। ਪੁਲਿਸ ਨੂੰ ਅਪਰਾਧ ਵਾਲੀ ਥਾਂ ਦੇ ਆਲੇ-ਦੁਆਲੇ ਬਹੁਤ ਸਾਰਾ ਖੂਨ ਮਿਲਿਆ। ਮ੍ਰਿਤਕ ਅੰਕੁਲ ਪ੍ਰਵਾਰ ਦਾ ਇਕਲੌਤਾ ਪੁੱਤਰ ਸੀ।

ਬਸਤੀ ਬਾਵਾ ਖੇਲ ਦੇ ਐਸਐਚਓ ਰਾਜੇਸ਼ ਕੁਮਾਰ ਠਾਕੁਰ ਨੇ ਦਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਅਤੇ ਲਾਸ਼ ਨੂੰ ਇਥੇ ਸੁੱਟ ਦਿਤਾ ਗਿਆ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਪੁਲਿਸ ਨੇ ਪ੍ਰਵਾਰ ਦਾ ਬਿਆਨ ਦਰਜ ਕਰ ਲਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਐਸਐਚਓ ਰਾਜੇਸ਼ ਠਾਕੁਰ ਨੇ ਦਸਿਆ ਕਿ ਅੰਕੁਲ ਮੰਗਲਵਾਰ ਸ਼ਾਮ 7 ਵਜੇ ਦੇ ਕਰੀਬ ਘਰੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸਵੇਰੇ ਕਰੀਬ 9 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਨੌਜਵਾਨ ਦੀ ਲਾਸ਼ ਉਥੇ ਮਿਲੀ ਹੈ। ਅੰਕੁਲ ਇਕ ਪ੍ਰਵਾਸੀ ਪ੍ਰਵਾਰ ਨਾਲ ਸਬੰਧਤ ਹੈ। ਜਲੰਧਰ 'ਚ ਉਹ ਅਪਣੇ ਪ੍ਰਵਾਰ ਨਾਲ ਨਿਵੀਆ ਫੈਕਟਰੀ ਨੇੜੇ ਰਹਿੰਦਾ ਸੀ।

ਮ੍ਰਿਤਕ ਅੰਕੁਲ ਦੀ ਮਾਂ ਵਿਨੀਤ ਵਾਸੀ ਹਰਦੋਈ, ਉੱਤਰ ਪ੍ਰਦੇਸ਼ ਨੇ ਦਸਿਆ ਕਿ ਅੰਕੁਲ ਦੀ ਬਿਹਾਰ ਦੀ ਇਕ ਲੜਕੀ ਨਾਲ ਦੋਸਤੀ ਸੀ। ਬੁੱਧਵਾਰ ਸਵੇਰੇ ਕਰੀਬ 7 ਵਜੇ ਲੜਕੀ ਦਾ ਛੋਟਾ ਭਰਾ ਉਨ੍ਹਾਂ ਦੇ ਘਰ ਆਇਆ। ਉਸ ਨੇ ਅੰਕੁਲ ਬਾਰੇ ਪੁੱਛਿਆ ਪਰ ਉਹ ਘਰ ਵਿਚ ਮੌਜੂਦ ਨਹੀਂ ਸੀ, ਜਿਸ ਤੋਂ ਬਾਅਦ ਉਹ ਚਲਿਆ ਗਿਆ। ਪ੍ਰਵਾਰ ਦਾ ਕਹਿਣਾ ਹੈ ਕਿ ਅੰਕੁਲ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਜਦੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ ਤਾਂ ਪ੍ਰਵਾਰ ਵਲੋਂ ਘਟਨਾ ਵਾਲੀ ਥਾਂ 'ਤੇ ਕਾਫੀ ਹੰਗਾਮਾ ਕੀਤਾ ਗਿਆ। ਦੱਸ ਦੇਈਏ ਕਿ ਜਿਸ ਇਲਾਕੇ ਵਿਚ ਅੰਕੁਲ ਦੀ ਲਾਸ਼ ਮਿਲੀ ਹੈ, ਉਹ ਬਹੁਤ ਹੀ ਸੁੰਨਸਾਨ ਇਲਾਕਾ ਹੈ। ਇਥੇ ਕੋਈ ਆਉਂਦਾ-ਜਾਂਦਾ ਨਹੀਂ ਅਤੇ ਨਾ ਹੀ ਨੇੜੇ-ਤੇੜੇ ਕੋਈ ਸੀਸੀਟੀਵੀ ਹੈ। ਫਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।

(For more Punjabi news apart from Punjab news youth Murdered in Jalandhar's Leather Complex, stay tuned to Rozana Spokesman)