ਨਕੋਦਰ ਗੋਲੀ ਕਾਂਡ : ਪੁਲਿਸ ਨੇ ਬਿਨਾਂ ਮਨਜ਼ੂਰੀ ਲਏ ਚਲਾਈ ਸੀ ਸਿੱਖਾਂ 'ਤੇ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਬਿਨਾਂ ਮਨਜ਼ੂਰੀ ਲਏ ਚਲਾਈ ਸੀ ਨਕੋਦਰ 'ਚ ਸਿੱਖਾਂ 'ਤੇ ਗੋਲੀ, 32 ਸਾਲ ਬਾਅਦ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦਾ ਖ਼ੁਲਾਸਾ

Nakodar Goli Kand

ਚੰਡੀਗੜ੍ਹ : 1986 ਵਿਚ ਵਾਪਰੇ ਨਕੋਦਰ ਗੋਲੀ ਕਾਂਡ ਦੀ 32 ਸਾਲਾਂ ਬਾਅਦ ਸਾਹਮਣੇ ਆਈ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਵਿਚ ਚਾਰ ਸਿੱਖ ਨੌਜਵਾਨ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਨੂੰ ਲੈ ਕੇ ਰੋਸ ਪ੍ਰਗਟਾ ਰਹੇ ਸਨ ਦੀ ਮੌਤ ਲਈ ਪੰਜਾਬ ਪੁਲਿਸ ਦੇ ਅਫ਼ਸਰਾਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਐਸਪੀ (ਓਪਰੇਸ਼ਨ) ਏ.ਕੇ. ਸ਼ਰਮਾ ਵਲੋਂ ਭੀੜ 'ਤੇ ਗੋਲੀਬਾਰੀ ਕਰਨ ਤੋਂ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਦਰਬਾਰਾ ਸਿੰਘ ਗੁਰੂ ਤੋਂ ਲੋੜੀਂਦੀ ਆਗਿਆ ਨਹੀਂ ਮੰਗੀ ਗਈ ਸੀ।

ਕਮਿਸ਼ਨ ਨੇ ਨਕੋਦਰ ਦੇ ਸ਼ੇਰਪੁਰ ਪੁਲ 'ਤੇ 4 ਫਰਵਰੀ 1986 ਨੂੰ ਵਾਪਰੀ ਪੁਲਿਸ ਦੀ ਗੋਲੀਬਾਰੀ ਦੀ ਘਟਨਾ ਦੀ ਜਾਂਚ 31 ਫਰਵਰੀ 1986 ਨੂੰ ਪੂਰੀ ਕਰ ਦਿਤੀ ਸੀ, ਜਿਸ ਦੀ ਰਿਪੋਰਟ ਉਸ ਸਮੇਂ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਸੌਂਪ ਦਿਤੀ ਸੀ ਪਰ ਪਿਛਲੇ 32 ਸਾਲਾਂ ਤੋਂ ਇਸ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ। ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਭੀੜ ਅਜਿਹੇ ਹਥਿਆਰਾਂ ਨਾਲ ਲੈਸ ਨਹੀਂ ਸੀ, ਜਿਸ ਨਾਲ ਉਹ ਸੁਰੱਖਿਆ ਬਲਾਂ ਲਈ ਕੋਈ ਖ਼ਤਰਾ ਬਣ ਸਕਦੀ।

ਦਰਅਸਲ ਸਿੱਖਾਂ ਦੇ ਇਸ ਕਾਫ਼ਲੇ ਨੇ ਪਵਿੱਤਰ ਜਲੂਸ ਦੀ ਸ਼ਕਲ ਵਿਚ ਗੁਰਦੁਆਰੇ ਜਾਣਾ ਸੀ ਪਰ ਪੁਲਿਸ ਨੇ ਇਸ ਭੀੜ 'ਤੇ ਫਾਇਰਿੰਗ ਕਰ ਦਿਤੀ। ਜਿਸ ਦੌਰਾਨ ਚਾਰ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਕੁੱਝ ਪੁਲਿਸ ਵਾਲਿਆਂ ਦੇ ਮਾਮੂਲੀ ਸੱਟਾਂ ਵੱਜੀਆਂ ਸਨ। ਕਮਿਸ਼ਨ ਨੇ ਰਿਪੋਰਟ ਵਿਚ ਲਿਖਿਆ ਸੀ ਕਿ ਇਹ ਸਾਰੇ ਹਾਲਾਤ ਦਰਸਾਉਂਦੇ ਹਨ ਕਿ ਐਸਪੀ ਏਕੇ ਸ਼ਰਮਾ ਵਲੋਂ ਸਹੀ ਤਰੀਕੇ ਨਾਲ ਸਥਿਤੀ ਨਹੀਂ ਸੰਭਾਲੀ ਗਈ। ਉਸ ਸਮੇਂ ਮੁਹੰਮਦ ਇਜ਼ਹਾਰ ਆਲਮ ਜਲੰਧਰ ਦੇ ਐਸਐਸਪੀ ਸਨ

ਜੋ ਬਾਅਦ ਵਿਚ ਸੂਬੇ ਦੇ ਡੀਜੀਪੀ ਵਜੋਂ ਸੇਵਾਮੁਕਤ ਹੋਏ ਅਤੇ ਦਰਬਾਰਾ ਸਿੰਘ ਗੁਰੂ ਜ਼ਿਲ੍ਹਾ ਮੈਜਿਸਟ੍ਰੇਟ ਸਨ ਜੋ ਬਾਅਦ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਸਕੱਤਰ ਰਹੇ ਅਤੇ ਸੇਵਾਮੁਕਤੀ ਤੋਂ ਬਾਅਦ ਭਦੌੜ ਹਲਕੇ ਤੋਂ 2012 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਅਸਫ਼ਲ ਚੋਣ ਲੜੀ। ਹੁਣੇ-ਹੁਣੇ ਦਰਬਾਰਾ ਸਿੰਘ ਗੁਰੂ ਨੂੰ ਅਕਾਲੀ ਦਲ ਦਾ ਕੌਮੀ ਜਨਰਲ ਸਕੱਤਰ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਨਕੋਦਰ ਵਿਚ ਪੁਲਿਸ ਗੋਲੀਬਾਰੀ ਵਿਚ ਰਵਿੰਦਰ ਸਿੰਘ, ਝਲਮਣ ਸਿੰਘ, ਬਲਦੀਰ ਸਿੰਘ ਅਤੇ ਹਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ,

ਜਿਨ੍ਹਾਂ ਦੀਆਂ ਤਸਵੀਰਾਂ ਨੂੰ ਕੁੱਝ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਸਥਿਤ ਸਿੱਖ ਅਜ਼ਾਇਬਘਰ ਵਿਚ ਲਗਾਇਆ ਸੀ। ਦੱਸ ਦਈਏ ਕਿ ਪੁਲਿਸ ਗੋਲੀਬਾਰੀ ਦਾ ਸ਼ਿਕਾਰ ਹੋਏ ਰਵਿੰਦਰ ਸਿੰਘ ਦੇ ਅਮਰੀਕਾ ਰਹਿੰਦੇ ਇਕ ਸਿੱਖ ਜੋੜੇ ਬਲਦੇਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਬੀਰ ਕੌਰ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ 4 ਫਰਵਰੀ 1986 ਨੂੰ ਨਕੋਦਰ ਵਿਚ ਚਾਰ ਸਿੱਖ ਨੌਜਵਾਨਾਂ ਦੀ ਪੁਲਿਸ ਗੋਲੀਬਾਰੀ ਦੌਰਾਨ ਮੌਤ ਦੀ ਨਿਆਂਇਕ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ।