ਨਵਜੋਤ ਸਿੱਧੂ ਦੇ ਹੱਕ 'ਚ ਆਏ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਵਲੋਂ ਦਿਤੇ ਗਏ ਬਿਆਨ 'ਤੇ ਵਿਵਾਦ ਛਿੜਿਆ ਹੋਇਆ ਹੈ ਅਤੇ ਸਿੱਧੂ ਨੂੰ...

Ravi Singh, Founder of Khalsa Aid

ਚੰਡੀਗੜ੍ਹ : ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਜਿੱਥੇ ਨਵਜੋਤ ਸਿੰਘ ਸਿੱਧੂ ਵਲੋਂ ਦਿਤੇ ਗਏ ਬਿਆਨ 'ਤੇ ਵਿਵਾਦ ਛਿੜਿਆ ਹੋਇਆ ਹੈ ਅਤੇ ਸਿੱਧੂ ਨੂੰ ਕੈਬਨਿਟ ਵਿਚੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਖ਼ਾਲਸਾ ਏਡ ਦੇ ਮੁਖੀ ਰਵੀ ਸਿੰਘ ਨੇ ਨਵਜੋਤ ਸਿੱਧੂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਹੈ। ਰਵੀ ਸਿੰਘ ਦਾ ਕਹਿਣਾ ਹੈ ਕਿ ਭਾਵੇਂ ਉਹ ਕਦੇ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨਾਲ ਸਹਿਮਤ ਨਹੀਂ ਹੋਏ ਪਰ ਪੁਲਵਾਮਾ ਹਮਲੇ ਸਬੰਧੀ ਨਵਜੋਤ ਸਿੰਘ ਸਿੱਧੂ ਵਲੋਂ ਦਿਤਾ ਗਿਆ ਬਿਆਨ ਸਹੀ ਹੈ ਅਤੇ ਉਹ ਸਿੱਧੂ ਦੇ ਬਿਆਨ ਨਾਲ ਸਹਿਮਤ ਹਨ।

ਉਨ੍ਹਾਂ ਆਖਿਆ ਕਿ ਇਹ ਸਹੀ ਹੈ ਕਿ ਕਿਸੇ ਘਟਨਾ ਲਈ ਕਿਸੇ ਸਮੁੱਚੇ ਰਾਸ਼ਟਰ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਉਹਨਾਂ ਫੇਸਬੁੱਕ 'ਤੇ ਇਹ ਵੀ ਲਿਖਿਆ ਕਿ ਮੈਂ ਅਕਸਰ ਹੀ ਪੜ੍ਹਿਆ ਹੈ ਕਿ ''1984 ਦੀ ਸਿੱਖ ਨਸਲਕੁਸ਼ੀ ਲਈ ਸਮੁੱਚੇ ਦੇਸ਼ ਨੂੰ ਦੋਸ਼ ਨਹੀਂ ਦਿਤਾ ਜਾ ਸਕਦਾ” ਪਰ ਉਹੀ ਲੋਕ ਕੁਝ ਲੋਕਾਂ ਵਲੋਂ ਕੀਤੇ ਅਤਿਵਾਦੀ ਹਮਲੇ ਲਈ ਸਾਰੇ ਪਾਕਿਸਤਾਨ ਨੂੰ ਦੋਸ਼ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਰਾਜਨੀਤਕ ਅਤੇ ਕੂਟਨੀਤਕ ਹੱਲ ਲੱਭਣਾ ਚਾਹੀਦਾ ਹੈ, ਨਾ ਕਿ ਦੋਵੇਂ ਪਾਸਿਆਂ ਵਲੋਂ ਹਮਲੇ ਤੋਂ ਬਾਅਦ ਬਦਲਾ ਲੈਣ ਦੀ ਗੱਲ ਕਰਨੀ ਚਾਹੀਦੀ ਹੈ।

ਰਵੀ ਸਿੰਘ ਨੇ ਕਿਹਾ ਕਿ ਕਸ਼ਮੀਰ ਵਿਚ ਸੰਨ 2000 ਵਿਚ 36 ਸਿੱਖਾਂ ਦਾ ਕਤਲੇਆਮ ਹੋਇਆ, ਉਹ ਗੰਦੀ ਰਾਜਨੀਤੀ ਦੇ ਪੀੜਤ ਸਨ। ਉਨ੍ਹਾਂ ਇਹ ਵੀ ਆਖਿਆ ਕਿ ਬਹੁਤ ਸਾਰੇ ਬੇਕਸੂਰ ਜਾਨਾਂ ਗਵਾ ਚੁੱਕੇ ਹਨ, ਭਾਰਤੀ ਅਤੇ ਪਾਕਿਸਤਾਨੀ ਸਿਆਸਤਦਾਨਾਂ ਨੂੰ ਹਊਮੈ ਦਾ ਤਿਆਗ ਕਰਕੇ ਸ਼ਾਂਤੀ ਯਤਨ ਕਰਨੇ ਚਾਹੀਦੇ ਹਨ।