ਅੱਗ 'ਚ ਸੜੇ ਮਾਸੂਮਾਂ ਦਾ ਮਾਮਲਾ : ਸਕੂਲ ਪ੍ਰਬੰਧਕ ਅਤੇ ਡਰਾਈਵਰ ਵਿਰੁਧ 302 ਦਾ ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀਤੇ ਦਿਨੀਂ ਦਰਦਨਾਕ ਹਾਦਸੇ ਦੌਰਾਨ ਜਿੰਦਾ ਸੜ ਕੇ ਮਰ ਜਾਣ ਵਾਲੇ ਚਾਰ ਮਾਸੂਮ ਬੱਚਿਆਂ ਦੀ ਮੌਤ ਦੇ ਦੋਸ਼ ਹੇਠ ਸਕੂਲ ਪ੍ਰਬੰਧਕ ਲਖਵਿੰਦਰ ਸਿੰਘ ਲੱਖੀ ਪੁੱਤਰ ਹਾਕਮ ਸਿੰਘ ...

File Photo

ਲੌਂਗੋਵਾਲ  (ਗੋਬਿੰਦ ਸਿੰਘ ਦੁੱਲਟ) : ਬੀਤੇ ਦਿਨੀਂ ਦਰਦਨਾਕ ਹਾਦਸੇ ਦੌਰਾਨ ਜਿੰਦਾ ਸੜ ਕੇ ਮਰ ਜਾਣ ਵਾਲੇ ਚਾਰ ਮਾਸੂਮ ਬੱਚਿਆਂ ਦੀ ਮੌਤ ਦੇ ਦੋਸ਼ ਹੇਠ ਸਕੂਲ ਪ੍ਰਬੰਧਕ ਲਖਵਿੰਦਰ ਸਿੰਘ ਲੱਖੀ ਪੁੱਤਰ ਹਾਕਮ ਸਿੰਘ ਵਾਸੀ ਪੱਤੀ ਦੁੱਲਟ ਅਤੇ ਦਲਵੀਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਲੌਂਗੋਵਾਲ ਵਿਰੁਧ 302, 34 ਅਤੇ 75 ਜੁਵਾਨਿਲ ਜਸਟਿਸ ਐਕਟ, 2015 ਤਹਿਤ ਥਾਣਾ ਲੌਂਗੋਵਾਲ ਵਿਖੇ ਪਰਚਾ ਦਰਜ ਕਰ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਘਟਨਾ ਤੋਂ ਫ਼ੌਰਨ ਬਾਅਦ ਹੀ ਸਥਾਨਕ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਵਲੋਂ ਮੰਗ ਉਠਾਈ ਗਈ ਸੀ ਕਿ ਇਕ ਕੰਡਮ ਗੱਡੀ ਰਾਹੀਂ ਬੱਚਿਆਂ ਦੀ ਢੋਆ-ਢੁਆਈ ਦੌਰਾਨ ਹੋਈ ਇਹ ਦੁਰਘਟਨਾ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰੀ ਹੈ, ਜਿਸ ਨੂੰ ਇਕ ਹਾਦਸਾ ਨਹੀਂ ਸਗੋਂ ਕਤਲ ਆਖਿਆ ਜਾ ਸਕਦਾ ਹੈ। ਕਿਉਂਕਿ ਚੰਦ ਸਿੱਕਿਆਂ ਦੀ ਖਾਤਰ ਬੱਚਿਆਂ ਨੂੰ ਬੰਬ 'ਤੇ ਬਿਠਾ ਕੇ ਸਕੂਲ ਤੋਂ ਘਰ ਲਿਜਾਇਆ ਜਾ ਰਿਹਾ ਸੀ।

ਜਿਸ ਕਾਰਨ ਇਸ ਦੇ ਜ਼ਿੰਮੇਵਾਰ ਸਕੂਲ ਪ੍ਰਬੰਧਕ, ਡਰਾਈਵਰ ਅਤੇ ਉਕਤ ਗੱਡੀ ਨੂੰ ਮਾਨਤਾ ਦੇਣ ਵਾਲੇ ਅਧਿਕਾਰੀ ਹਨ, ਜਿਨ੍ਹਾਂ 'ਤੇ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਪੰਜਾਬ ਦੇ ਸਿਖਿਆ ਮੰਤਰੀ ਸ਼੍ਰੀ ਵਿਜੇਇੰਦਰ ਸਿੰਗਲਾ ਵੀ ਘਟਨਾ ਸਥਾਨ 'ਤੇ ਪਹੁੰਚ ਕੇ ਧਰਨੇ 'ਤੇ ਬੈਠੇ ਮੰਗ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਨ ਲਈ ਕਾਫੀ ਗੱਲਬਾਤ ਕੀਤੀ,

ਪਰੰਤੂ ਉਨ੍ਹਾਂ ਦੀ ਗੱਲਬਾਤ ਦਾ ਕੋਈ ਵੀ ਸਿੱਟਾ ਨਾ ਨਿਕਲ ਸਕਿਆ ਅਤੇ ਇੰਨੀ ਵੱਡੀ ਘਟਨਾ ਵਾਲੇ ਸਥਾਨ ਤੋਂ ਉਨ੍ਹਾਂ ਰੌਹ ਵਿਚ ਆਏ ਆਮ ਲੋਕਾਂ ਨੂੰ ਉਨ੍ਹਾਂ ਦੀ ਮੰਗਾਂ ਮੰਨ ਕੇ ਸ਼ਾਂਤ ਕਰਨ ਦੀ ਬਜਾਏ ਉਥੋਂ ਰੁਖਸਤ ਹੋਣਾ ਵਾਜਬ ਸਮਝਿਆ। ਜਿਸ ਦੇ ਚੱਲਦਿਆਂ ਧਰਨੇ 'ਤੇ ਬੈਠੇ ਸਥਾਨਕ ਵਾਸੀਆਂ ਵਿਚ ਹੋਰ ਵੀ ਰੌਹ ਦਾ ਮਾਹੌਲ ਪੈਦਾ ਹੋ ਗਿਆ।

ਜਿਸ ਦੌਰਾਨ ਪੰਜਾਬ ਕਾਂਗਰਸ ਦੀ ਸਪੋਕਸਪਰਸਨ ਅਤੇ ਹਲਕਾ ਇੰਚਾਰਜ ਦਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਨੇ ਆਮ ਲੋਕਾਂ ਵਿਚ ਬੈਠ ਕੇ ਗੱਲਬਾਤ ਰਾਹੀਂ ਜਿਥੇ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਦੋਸ਼ੀਆਂ ਵਿਰੁਧ ਧਾਰਾ 302 ਤਹਿਤ ਪਰਚਾ ਦਰਜ ਕਰਨ ਲਈ ਮਨਾ ਲਿਆ, ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮ੍ਰਿਤਕ ਬੱਚਿਆਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਦੇ ਐਲਾਨ ਨੂੰ ਵਧਾ ਕੇ 7.25 ਲੱਖ ਰੁਪਏ ਮਨਜੂਰ ਕਰਵਾ ਲਿਆ।

ਜਿਸ ਉਪਰੰਤ ਧਰਨਾਕਾਰੀਆਂ ਨੇ ਸਕੂਲ ਦੇ ਪ੍ਰਿੰਸੀਪਲ/ ਮੈਨੇਜਰ/ਪ੍ਰਬੰਧਕ ਲਖਵਿੰਦਰ ਸਿੰਘ ਲੱਖੀ ਅਤੇ ਕਾਰ ਡਰਾਈਵਰ ਦਲਵੀਰ ਸਿੰਘ ਵਿਰੁਧ 302, 34 ਅਤੇ 75 ਜੁਵਾਨਿਲ ਜਸਟਿਸ ਐਕਟ, 2015 ਤਹਿਤ ਥਾਣਾ ਲੌਂਗੋਵਾਲ ਵਿਖੇ ਪਰਚਾ ਦਰਜ ਹੋਣ ਤੋਂ ਬਾਅਦ ਅਪਣਾ ਧਰਨਾ ਚੁੱਕਿਆ।

ਜਿਸ ਉਪਰੰਤ ਮਾਸੂਮ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਜਾਇਆ ਗਿਆ। ਭਾਈ ਲੌਂਗੋਵਾਲ ਨੇ ਮ੍ਰਿਤਕ ਬੱਚਿਆਂ ਦੇ ਪਰਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਅਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਇਸ ਤੋਂ ਇਲਾਵਾ ਬੀਬੀ ਭੱਠਲ ਸਮੇਤ ਹੋਰ ਪ੍ਰਮੁੱਖ ਆਗੂਆਂ ਨੇ ਪਰਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।