ਵਿਅਕਤੀ ਦੇ ਸਰੀਰ 'ਚੋਂ ਕੱਢੀ ਲੋਹੇ ਦੀ ਰਾਡ, ਡਾਕਟਰਾਂ ਨੇ ਦਿੱਤੀ ਨਵੀਂ ਜ਼ਿੰਦਗੀ
ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਡਾਕਟਰਾਂ ਨੇ 19 ਸਾਲਾਂ ਨੌਜਵਾਨ ਦੀ ਪਿੱਠ 'ਚੋਂ ਲੋਹੇ ਦੀ ਰਾਡ ਕੱਢ ਕੇ ਉਸਦੀ ਜਾਨ ਬਚਾ ਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ ਹੈ
ਨਵੀਂ ਦਿੱਲੀ: ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਡਾਕਟਰਾਂ ਨੇ 19 ਸਾਲਾਂ ਨੌਜਵਾਨ ਦੀ ਪਿੱਠ 'ਚੋਂ ਲੋਹੇ ਦੀ ਰਾਡ ਕੱਢ ਕੇ ਉਸਦੀ ਜਾਨ ਬਚਾ ਕੇ ਉਸ ਨੂੰ ਨਵੀਂ ਜਿੰਦਗੀ ਦਿੱਤੀ ਹੈ। ਮੁਕੁਲ ਨਾਂ ਦੇ ਵਿਅਕਤੀ ਦੀ ਪਿੱਠ ਵਿਚੋਂ ਇਹ ਰਾਡ ਉਸਦੇ ਸੀਨੇ ਤੱਕ ਪਹੁੰਚ ਗਈ ਸੀ। ਡਾਕਟਰਾਂ ਨੇ ਦੱਸਿਆ ਕਿ ਉਸਦੀ ਪਿੱਠ 'ਚ 6-7 ਸੈਂਟੀਮੀਟਰ ਲੰਬੀ ਰਾਡ ਦਾਖਿਲ ਹੋ ਗਈ ਸੀ।
ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸਾਰੀ ਪ੍ਰਕਿਰਿਆ ਉਸ ਨੂੰ ਢਿੱਡ ਦੇ ਭਾਰ ਲਿਟਾ ਕੇ ਹੀ ਕਰਨੀ ਸੀ। ਜੇਕਰ ਸਾਵਧਾਨੀ ਤੋਂ ਬਿਨ੍ਹਾਂ ਰਾਡ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਖੂਨ ਵਗਣ ਨਾਲ ਕੁੱਝ ਹੀ ਮਿੰਟਾਂ 'ਚ ਉਸਦੀ ਮੌਤ ਹੋ ਸਕਦੀ ਸੀ। ਆਪਰੇਸ਼ਨ ਤੋਂ ਕੁੱਝ ਸਮੇਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਮੁਕੁਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਤੁਰੰਤ ਇਲਾਜ ਕਰਨ ਵਾਲੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।
ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਰੂਪ ਤੋਂ ਬਿਮਾਰ ਇਕ ਔਰਤ ਦੇ ਪੇਟ ਵਿਚੋਂ 1.5 ਕਿਲੋਗ੍ਰਾਮ ਤੋਂ ਜ਼ਿਆਦਾ ਗਹਿਣੇ ਅਤੇ ਸਿੱਕੇ ਕੱਢੇ ਗਏ ਸਨ। ਇਕ ਡਾਕਟਰ ਨੇ ਇਹ ਜਾਣਕਾਰੀ ਦਿੱਤੀ ਸੀ।
ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਵਿਸ਼ਵਾਸ ਨੇ ਕਿਹਾ ਸੀ ਕਿ 26 ਸਾਲਾ ਔਰਤ ਦੇ ਪੇਟ ਵਿਚੋਂ 5 ਰੁਪਏ ਅਤੇ 10 ਰੁਪਏ ਦੇ 90 ਸਿੱਕੇ, ਚੇਨ, ਵਾਲੀਆਂ, ਝੁਮਕੇ, ਚੂੜੀਆਂ, ਝਾਂਜਰਾਂ, ਕੜਾ ਅਤੇ ਘੜੀਆਂ ਕੱਢੇ ਗਏ ਸਨ ਵਿਭਾਗ ਦੇ ਮੁਖੀ ਨੇ ਸਰਜਰੀ ਤੋਂ ਬਾਅਦ ਕਿਹਾ ਕਿ ਜ਼ਿਆਦਾਤਰ ਗਹਿਣੇ ਤਾਂਬੇ ਅਤੇ ਪਿੱਤਲ ਦੇ ਸਨ ਪਰ ਉਹਨਾਂ ਵਿਚ ਕੁਝ ਸੋਨੇ ਦੇ ਗਹਿਣੇ ਵੀ ਸਨ।
ਔਰਤ ਦੀ ਮਾਂ ਨੇ ਕਿਹਾ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਘਰ ਵਿਚੋਂ ਗਹਿਣੇ ਗਾਇਬ ਹੋ ਰਹੇ ਸਨ ਪਰ ਜਦੋਂ ਵੀ ਪਰਿਵਾਰ ਉਹਨਾਂ ਤੋਂ ਪੁੱਛ-ਗਿੱਛ ਕਰਦਾ ਸੀ ਤਾਂ ਉਹ ਰੋਣ ਲੱਗਦੀ ਸੀ। ਔਰਤ ਦੀ ਮਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਲੜਕੀ ਮਾਨਸਿਕ ਪੱਖੋਂ ਬਿਮਾਰ ਸੀ। ਪਿਛਲੇ ਕੁਝ ਦਿਨਾਂ ਤੋਂ ਉਹ ਖਾਣਾ ਖਾਣ ਤੋਂ ਬਾਅਦ ਉਲਟੀ ਕਰ ਦਿੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਲੜਕੀ ਅਪਣੇ ਭਰਾ ਦੀ ਦੁਕਾਨ ਤੋਂ ਸਿੱਕੇ ਲਿਆਈ ਸੀ।