ਵੁਹਾਨ 'ਚ ਕੋਰੋਨਾ ਵਾਇਰਸ ਦਾ ਇਲਾਜ ਕਰ ਰਹੇ ਡਾਕਟਰਾਂ ਕੋਲ ਹੀ ਨਹੀਂ ਹੈ ਮਾਸਕ, ਸੁਰੱਖਿਆ ਸੂਟ!
ਸੁਰੱਖਿਆ ਸੂਟਾਂ ਦੇ ਲੰਬੇ ਸਮੇਂ ਤਕ ਇਸਤੇਮਾਲ ਦੇ ਲਈ ਡਾਕਟਰਾਂ ਨਾ ਪਾਏ ਡਾਇਪਰ
ਬੀਜਿੰਗ : ਚੀਨ ਵਿਚ ਮਹਾਮਾਰੀ ਦਾ ਰੂਪ ਲੈ ਚੁੱਕੇ ਕੋਰੋਨਾ ਵਾਇਰਸ ਨਾਲ ਨਿਪਟਣ ਦੇ ਲਈ ਬੇਹੱਦ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ ਕਿਉਂਕਿ ਇਸ ਵਾਇਰਸ ਦਾ ਮੁਕਾਬਲਾ ਕਰਨ ਵਾਲੇ ਮੈਡੀਕਲ ਮਾਹਰਾਂ ਕੋਲ ਹੀ ਮਾਸਕ ਤੇ ਸੁਰੱਖਿਆ ਦੇ ਹੋਰ ਸਾਜ਼ੋ-ਸਾਮਾਨ ਦੀ ਭਿਆਨਕ ਕਿੱਲਤ ਹੈ। ਵੁਹਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਇਸ ਤਰ੍ਹਾਂ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕਿ ਹਰ ਹਫ਼ਤੇ ਹਜ਼ਾਰਾਂ ਲੋਕ ਇਸ ਨਾਲ ਪੀੜਤ ਹੋ ਰਹੇ ਹਨ।
ਇੰਨੀਂ ਵੱਡੀ ਗਿਣਤੀ ਵਿਚ ਮਰੀਜ਼ਾਂ ਦੀ ਜਾਂਚ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਕਰਮਚਾਰੀਆਂ ਦੀ ਗਿਣਤੀ ਵੀ ਘੱਟ ਹੈ। ਦਿਨ ਰਾਤ ਕੰਮ ਕਰ ਰਹੇ ਡਾਕਟਰ ਥੱਕੇ ਹੋਏ ਹਨ। ਹਾਲਾਤ ਇਹ ਹਨ ਕਿ ਕਈ ਡਾਕਟਰ ਤਾਂ ਬਿਨਾਂ ਸਹੀ ਮਾਸਕ ਤੇ ਸੁਰੱਖਿਆ ਸੂਟ ਦੇ ਹੀ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਇਕ ਸਿਹਤ ਅਧਿਕਾਰੀ ਨੇ ਦਸਿਆ ਕਿ ਕੁਝ ਨੇ ਤਾਂ ਡਾਇਪਰ ਪਾਏ ਹੋਏ ਹਨ ਤਾਂਕਿ ਸੁਰੱਖਿਆ ਸੂਟਾਂ ਨੂੰ ਲਾਹੁਣਾ ਨਾ ਪਵੇ ਤੇ ਇਹਨਾਂ ਦਾ ਲੰਬੇ ਸਮੇਂ ਤਕ ਇਸਤੇਮਾਲ ਕੀਤਾ ਜਾ ਸਕੇ।
ਵੁਹਾਨ ਦੇ ਇਕ ਕਲੀਨਿਕ ਦੇ ਕਰਮਚਾਰੀ ਨੇ ਦਸਿਆ ਕਿ ਉਹਨਾਂ ਤੇ ਹੋਰ 16 ਸਹਿਯੋਗੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਨ। ਇਹਨਾਂ ਵਿਚ ਫੇਫੜੇ ਦਾ ਇਨਫੈਕਸ਼ਨ ਤੇ ਖੰਘ ਸ਼ਾਮਲ ਹੈ। ਉਹਨਾਂ ਨੇ ਨਾਮ ਜ਼ਾਹਿਰ ਨਾ ਹੋਣ ਦੀ ਸ਼ਰਤ 'ਤੇ ਦਸਿਆ ਕਿ ਇਕ ਮੈਡੀਕਲ ਕਰਮਚਾਰੀ ਹੋਣ ਦੇ ਨਾਤੇ ਅਸੀਂ ਇਨਫੈਕਸ਼ਨ ਦਾ ਸਰੋਤ ਬਣ ਕੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਇਥੇ ਸਾਡੀ ਥਾਂ ਲੈਣ ਵਾਲਾ ਕੋਈ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸਾਰੇ ਮੈਡੀਕਲ ਕਰਮਚਾਰੀ ਕੰਮ ਕਰਦੇ ਰਹਿਣਗੇ।
ਪਿਛਲੇ ਸ਼ੁਕਰਵਾਰ ਨੂੰ ਵੁਹਾਨ ਸ਼ਹਿਰ ਦੇ ਉਪ ਮੇਅਰ ਨੇ ਕਿਹਾ ਸੀ ਕਿ ਸ਼ਹਿਰ ਵਿਚ ਰੋਜ਼ਾਨਾ 56 ਹਜ਼ਾਰ ਐਨ95 ਮਾਸਕ ਅਤੇ 41 ਹਜ਼ਾਰ ਸੁਰੱਖਿਆ ਸੂਟਾਂ ਦੀ ਕਿੱਲਤ ਹੈ। ਚੀਨ ਦੀ ਰਾਸ਼ਟਰੀ ਸਿਹਤ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਜਿਆਓ ਯਾਹੁਈ ਨੇ ਕਿਹਾ, ''ਸੁਰੱਖਿਆ ਸੂਟ ਪਾਉਣ ਵਾਲੇ ਡਾਕਟਰ ''ਡਾਇਪਰ ਪਾਉਣ, ਘੱਟ ਪਾਣੀ ਪੀਣ ਅਤੇ ਬਾਥਰੂਮ ਦਾ ਇਸਤੇਮਾਲ ਘੱਟ ਕਰਨ।''
ਉਨ੍ਹਾਂ ਕਿਹਾ ਸੁਰੱਖਿਆ ਸੂਟ 6 ਤੋਂ 9 ਘੰਟੇ ਤਕ ਪਾਉਣਗੇ। ਜਦਕਿ ਮਰੀਜ਼ਾਂ ਦੇ ਵੱਖਰੇ ਵਾਰਡ ਵਿਚ ਵੀ ਇਨ੍ਹਾਂ ਨੂੰ ਚਾਰ ਘੰਟੇ ਦੇ ਬਾਅਦ ਬਦਲਨਾ ਹੁੰਦਾ ਹੈ। ਹਾਲਾਤ ਇਹ ਹਨ ਕਿ ਡਾਕਟਰ ਪੰਜ-ਪੰਜ ਦਿਨ ਇਕ ਹੀ ਸੂਟ ਪਾ ਰਹੇ ਹਨ।