ਜੇ ਅਕਾਲੀ ਦਲ ਸੱਚਮੁਚ ਵਿਰੋਧ ਦਰਜ ਕਰਵਾਉਣਾ ਚਾਹੁੰਦਾ ਤਾਂ ਹਰਸਿਮਰਤ ਤੋਂ ਅਸਤੀਫ਼ਾ ਦਿਵਾਏ : ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਬੁਰੇ ਪ੍ਰਭਾਵਾਂ ਉਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ ਉਤੇ

File Photo

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ) : ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪੈਟਰਨ ਪ੍ਰਕਾਸ਼ ਸਿੰਘ ਬਾਦਲ ਵਲੋਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਬੁਰੇ ਪ੍ਰਭਾਵਾਂ ਉਤੇ ਦੇਰੀ ਨਾਲ ਜਾਗ ਖੋਲ੍ਹੇ ਜਾਣ ਉਤੇ ਕਾਂਗਰਸ ਨੇ ਚੁਟਕੀ ਲੈਂਦਿਆਂ ਇਸ ਨੂੰ ਅਕਾਲੀ ਦਲ ਦਾ ਦੋਗਲਾ ਕਿਰਦਾਰ ਦਸਿਆ ਹੈ।

ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਪਹਿਲਾਂ ਸ਼ਰੇਆਮ ਸੰਸਦ ਦੇ ਦੋਵਾਂ ਸਦਨਾਂ ਵਿਚ ਸੀਏਏ ਦੇ ਹੱਕ ਵਿਚ ਭੁਗਤਦਿਆਂ ਵੋਟ ਪਾਈ ਅਤੇ ਹੁਣ ਵੱਡੇ ਬਾਦਲ ਇਹ ਰੌਲਾ ਪਾ ਰਹੇ ਹਨ

ਕਿ ਨਾਗਰਿਕਤਾ ਲੈਣ ਦਾ ਹੱਕ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇਹ ਬਾਦਲਾਂ ਦੀ ਦੇਰੀ ਨਾਲ ਆਈ ਜਾਗਰੂਕਤਾ ਨਹੀਂ ਹੈ ਕਿਉਂਕਿ ਇਹ ਤਾਂ ਉਨ੍ਹਾਂ ਵਿਚ ਬਹੁਤ ਦੇਰ ਤੋਂ ਹੀ ਮਰ ਗਈ ਹੈ ਸਗੋਂ ਇਹ ਅਸਲ ਵਿਚ ਸਹੂਲਤ ਲਈ ਦਿਤਾ ਬਿਆਨ ਹੈ

ਜਦੋਂ ਉਨ੍ਹਾਂ ਦੀ ਪਾਰਟੀ ਨੂੰ ਭਾਜਪਾ ਨੇ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰਦਿਆਂ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸੀਸਾ ਦਿਖਾ ਦਿਤਾ। ਹੁਣ ਬਾਦਲਾਂ ਨੇ ਭਾਜਪਾ ਦਾ ਅਪਣੇ ਵਲ ਧਿਆਨ ਖਿਚਵਾਉਣ ਲਈ ਸੀਏਏ ਦਾ ਸਹਾਰਾ ਲਿਆ ਹੈ। ਸ. ਰੰਧਾਵਾ ਨੇ ਪ੍ਰਕਾਸ ਸਿੰਘ ਬਾਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਉਹ ਅਤੇ ਉਨ੍ਹਾਂ ਦੀ ਪਾਰਟੀ ਸੱਚਮੁੱਚ ਗੰਭੀਰ ਹੈ

ਅਤੇ ਸੀਏਏ ਜਿਹੇ ਵੰਡਪਾਊ ਕਾਨੂੰਨ ਉਤੇ ਵਿਰੋਧ ਦਰਜ ਕਰਵਾਉਣਾ ਚਾਹੁੰਦੇ ਹਨ ਤਾਂ ਪਹਿਲਾ ਅਪਣੀ ਨੂੰਹ (ਹਰਸਿਮਰਤ ਬਾਦਲ) ਕੋਲੋਂ ਕੇਂਦਰੀ ਕੈਬਨਿਟ ਤੋਂ ਅਸਤੀਫ਼ਾ ਦਿਵਾਉ। ਉਨ੍ਹਾਂ ਕਿਹਾ ਕਿ ਸੱਤਾ ਦੇ ਭੁੱਖੇ ਬਾਦਲ ਪਰਵਾਰ ਕੋਲੋਂ ਜੇ ਅਸਤੀਫ਼ਾ ਨਹੀਂ ਦਿਵਾਇਆ ਜਾਂਦਾ ਤਾਂ ਫੇਰ ਸੀਏਏ ਦੇ ਗੈਰ ਸੰਵਿਧਾਨਿਕ ਸੁਭਾਅ ਉੱਪਰ ਸਵਾਲੀਆ ਨਿਸਾਨ ਲਾਉਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਰੋਧ ਪੱਤਰ ਹੀ ਲਿਖ ਦੇਣ।