ਮਜੀਠੀਆ ਦੇ ਹਲਕੇ ਵਿਚ ਅਕਾਲੀ ਦਲ ਦੀ ਸਰਦਾਰੀ, 13 ਵਿਚੋਂ 10 ਵਾਰਡਾਂ 'ਤੇ ਕੀਤਾ ਕਬਜ਼ਾ
2 ਵਾਰਡਾਂ ਵਿਚ ਕਾਂਗਰਸ ਅਤੇ 1 ਵਿਚ ਆਜ਼ਾਦ ਉਮੀਦਵਾਰ ਜੇਤੂ
ਮਜੀਠਾ : ਪੰਜਾਬ ਦੇ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨੇ ਕਈ ਨਵੇਂ ਸਮੀਕਰਨ ਸਿਰਜੇ ਹਨ। ਕਈ ਥਾਈ ਪੁਰਾਣੇ ਕਿੱਲੇ ਢਹੇ ਹਨ, ਜਦਕਿ ਕੁੱਝ ਕੁ ਥਾਵਾਂ 'ਤੇ ਰਵਾਇਤੀ ਉਮੀਦਵਾਰ ਆਪਣੇ ਪੁਰਾਣੇ ਰਿਕਾਰਡ ਕਾਇਮ ਰੱਖਣ ਵਿਚ ਕਾਮਯਾਬ ਹੋਏ ਹਨ। ਇਨ੍ਹਾਂ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆਂ ਦਾ ਹਲਕਾ ਸ਼ਾਮਲ ਹੈ, ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਇਕ ਵਾਰ ਫਿਰ ਕਬਜ਼ਾ ਜਮਾ ਲਿਆ ਹੈ। ਮਜੀਠਾ ਦੀਆਂ 13 ਵਾਰਡਾਂ ਦੇ ਆਏ ਨਤੀਜਿਆਂ ਮੁਤਾਬਕ ਅਕਾਲੀ ਦਲ 10 ਵਾਰਡਾਂ ’ਤੇ, ਕਾਂਗਰਸ 2 ਵਾਰਡਾਂ ’ਤੇ ਅਤੇ 1 ਵਾਰਡ ’ਤੇ ਆਜ਼ਾਦ ਉਮੀਤਵਾਰ ਜੇਤੂ ਰਿਹਾ ਹੈ।
ਜੇਤੂ ਉਮੀਦਵਾਰਾਂ ਵਿਚ ਵਾਰਡ ਨੰਬਰ 1 ਮਨਜੀਤ ਕੌਰ (ਅਕਾਲੀ ਦਲ) 137 ਵੋਟਾਂ ਨਾਲ, 2 ਤੋਂ ਸੁਰਜੀਤ ਸਿੰਘ (ਅਕਾਲੀ ਦਲ) 201 ਵੋਟਾਂ ਨਾਲ, 3 ਤੋਂ ਪਰਮਜੀਤ ਕੌਰ (ਅਕਾਲੀ ਦਲ) 33 ਵੋਟਾਂ ਨਾਲ, 4 ਤੋਂ ਸੁਰਜੀਤ ਸਿੰਘ ਲਾਡੀ (ਅਕਾਲੀ ਦਲ) 210 ਵੋਟਾਂ ਨਾਲ, 5 ਤੋਂ ਪਰਮਜੀਤ ਕੌਰ (ਅਕਾਲੀ ਦਲ) 453 ਵੋਟਾਂ ਨਾਲ, 6 ਤੋਂ ਪਰਮਜੀਤ ਸਿੰਘ ਪੰਮਾਂ (ਕਾਂਗਰਸ) 213 ਵੋਟਾਂ ਨਾਲ ਜੇਤੂ ਰਹੇ।
ਇਸੇ ਤਰ੍ਹਾਂ ਵਾਰਡ ਨੰਬਰ 7 ਤੋਂ ਸੁਰਿੰਦਰ ਕੌਰ (ਕਾਂਗਰਸ) 226 ਵੋਟਾਂ ਨਾਲ, 8 ਤੋਂ ਨਰਿੰਦਰ ਨਈਅਰ (ਅਕਾਲੀ ਦਲ) 387 ਵੋਟਾਂ ਨਾਲ, 9 ਤੋਂ ਬਿਮਲਾਂ ਵੰਤੀ (ਅਜਾਦ) 50 ਵੋਟਾਂ ਨਾਲ, 10 ਤੋਂ ਸਲਵੰਤ ਸਿੰਘ (ਅਕਾਲੀ ਦਲ) 189 ਵੋਟਾਂ ਨਾਲ, 11 ਤੋਂ ਦੇਸ ਰਾਜ ( ਅਕਾਲੀ ਦਲ) 232 ਵੋਟਾਂ ਨਾਲ, 12 ਤੋਂ ਤਰੁਨ ਅਬਰੋਲ (ਅਕਾਲੀ ਦਲ) 73 ਵੋਟਾਂ ਨਾਲ, 13 ਤੋਂ ਸੁਮਨ (ਅਕਾਲੀ ਦਲ) 234 ਵੋਟਾਂ ਨਾਲ ਕ੍ਰਮਵਾਰ ਆਪਣੇ ਵਿਰੋਧੀ ਉਮੀਦਵਾਰਾਂ ਤੋਂ ਵੱਧ ਵੋਟਾਂ ਲੈ ਕੇ 13 ਵਾਰਡਾਂ ਤੋਂ ਜੇਤੂ ਰਹੇ।
ਕਾਬਲੇਗੌਰ ਹੈ ਕਿ ਨਗਰ ਕੌਂਸਲ ਚੌਣਾਂ ਵਿਚ ਸੱਤਾਧਾਰੀ ਧਿਰ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ 'ਤੇ ਕਿਸਾਨੀ ਸੰਘਰਸ਼ ਦਾ ਖਾਸ ਅਸਰ ਵੇਖਣ ਨੂੰ ਮਿਲਿਆ ਹੈ। ਭਾਜਪਾ ਦੀ ਹਾਲਤ ਕਾਫੀ ਪਤਲੀ ਰਹੀ ਹੈ, ਉਥੇ ਹੀ ਅਕਾਲੀ ਦਲ ਦੀ ਹਾਲਤ ਵੀ ਭਾਜਪਾ ਨਾਲ ਮਿਲਦੀ ਜੁਲਦੀ ਹੀ ਬਣੀ ਰਹੀ। ਦੂਜੇ ਪਾਸੇ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੂੰ ਵੀ ਉਮੀਦ ਮੁਤਾਬਕ ਸੀਟਾਂ ਨਹੀਂ ਮਿਲੀਆਂ ਜਦਕਿ ਆਜ਼ਾਦ ਉਮੀਦਵਾਰਾਂ ਦੀ ਕਾਰਗੁਜ਼ਾਰੀ ਬਿਹਤਰ ਰਹੀ ਹੈ। ਕਈ ਥਾਈ ਖੱਬੇਪੱਖੀ ਉਮੀਦਵਾਰਾਂ ਦੀ ਕਾਰਗੁਜਾਰੀ ਵੀ ਪਿਛਲੇ ਸਮਿਆਂ ਦੇ ਮੁਕਾਬਲੇ ਬਿਹਤਰ ਰਹੀ ਹੈ।