ਹਰਭਜਨ ਸਿੰਘ ਨੂੰ ਭਾਜਪਾ ਨੇ ਚੋਣ ਲੜਨ ਦੀ ਕੀਤੀ ਪੇਸ਼ਕਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਭਜਨ ਸਿੰਘ ਨਾਲ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਗੱਲਬਾਤ ਕਰ ਰਹੀ ਹੈ ਭਾਜਪਾ

BJP offered Harbhajan Singh to contest election

ਚੰਡੀਗੜ੍ਹ- ਲੋਕ ਸਭਾ ਚੋਣਾਂ 2019 ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਕ੍ਰਿਕੇਟਰ ਹਰਭਜਨ ਸਿੰਘ ਨਾਲ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਗੱਲਬਾਤ ਕਰ ਰਹੀ ਹੈ। ਇਸ ਗੱਲਬਾਤ ਦੇ ਸਿਰੇ ਚੜ੍ਹਨ ਦੀ ਸੰਭਾਵਨਾ ਇਸ ਲਈ ਵੀ ਹੈ, ਕਿਉਂਕਿ ਭਾਜਪਾ ਨੂੰ ਇੱਥੋਂ ਕੋਈ ਮਜ਼ਬੂਤ ਅਤੇ ਹਰਮਨ ਪਿਆਰਾ ਚੇਹਰਾ ਨਹੀਂ ਮਿਲ ਰਿਹਾ। ਭਾਜਪਾ ਦੇ ਸਨੀਅਰ ਆਗੂ ਨੇ ਕਿਹਾ ਕਿ ਹਰਭਜਨ ਨਾਲ ਗੱਲਬਾਤ ਹੋ ਰਹੀ ਹੈ। ਉਹ ਭਾਰਤ ਅਸਟ੍ਰੇਲੀਆ ਵਨ ਡੇ ਮੈਚ ਵਿਚ ਕਮੇਂਟਰੀ ਵਿਚ ਰੁਝੇ ਹੋਏ ਸਨ।

ਉਥੇ, ਹਰਭਜਨ ਸਿੰਘ ਨੇ ਵੀ ਇਹ ਸਵੀਕਾਰ ਕੀਤਾ ਕਿ ਭਾਜਪਾ ਨੇ ਅੰਮ੍ਰਿਤਸਰ ਸੀਟ ਤੋਂ ਚੋਣ ਲੜਨ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਹੈ, ਪ੍ਰੰਤੂ ਅਜੇ ਕੁਝ ਵੀ ਤੈਅ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਅਜੇ ਤੱਕ ਭਾਜਪਾ ਦੇ ਕਿਸੇ ਵੱਡੇ ਆਗੂ ਨੂੰ ਨਹੀਂ ਮਿਲਿਆ। 38 ਸਾਲਾ ਹਰਭਜਨ ਸਿੰਘ ਟੈਸਟ ਕ੍ਰਿਕੇਟ ਵਿਚ ਸ੍ਰੀਲੰਕਾ ਦੇ ਮੁਥੈਆ ਮੁਰਲੀਧਰਣ ਦੇ ਬਾਅਦ ਦੂਜੇ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ ਹਨ।

ਹਰਭਜਨ ਸਿੰਘ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿ ਇਹ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਸਹੀ ਸਮਾਂ ਹੈ ਜਾਂ ਨਹੀਂ। ਜੇਕਰ ਮੈਂ ਚੋਣ ਲੜਨ ਦਾ ਮਨ ਬਣਾਉਂਦਾ ਵੀ ਹਾਂ ਤਾਂ ਤਿਆਰੀਆਂ ਲਈ ਬਹੁਤ ਘੱਟ ਸਮਾਂ ਹੈ। ਨੌਜਵਾਨਾਂ ਵਿਚ ਪਸੰਦੀ ਦੇ ਚੇਹਰੇ ਵਜੋਂ ਹਰਭਜਨ ਭਾਜਪਾ ਦੀਆਂ ਸਮੀਕਰਨਾਂ ਵਿਚ ਪੂਰੀ ਤਰ੍ਹਾਂ ਫਿਟ ਬੈਠਦੇ ਹਨ। ਭਾਜਪਾ ਦੇ ਸੀਨੀਅਰ ਆਗੂ ਅਨੁਸਾਰ ਅਜੇ ਸਾਡੇ ਕੋਲ ਕੋਈ ਸਥਾਨਕ ਚੇਹਰਾ ਨਹੀਂ ਹੈ, ਜੋ ਅੰਮ੍ਰਿਤਸਰ ਤੋਂ ਚੋਣ ਲੜ ਸਕੇ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਅਤੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਕਾਂਗਰਸ ਵਿਚ ਜਾਣ ਤੋਂ ਪਹਿਲਾਂ ਤਿੰਨ ਵਾਰ ਭਾਜਪਾ ਦੀ ਟਿਕਟ ਤੋਂ ਚੋਣ ਜਿੱਤ ਚੁੱਕੇ ਹਨ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ 2014 ਵਿਚ ਇਥੋਂ ਚੋਣ ਲੜਿਆ ਸੀ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ ਸਨ। ਪਾਰਟੀ ਦੇ ਇਕ ਸੀਨੀਅਰ ਆਗੂ ਦਾ ਕਹਿਣਾ ਹੈ, 2014 ਵਿਚ ਭਾਜਪਾ ਨੂੰ ਇਹ ਸੀਟ ਗਵਾਉਣੀ ਪਈ ਸੀ, ਕਿਉਂਕਿ ਜਨਤਾ ਵਿਚ ਅਕਾਲੀਆਂ ਦੇ ਖਿਲਾਫ ਗੁੱਸਾ ਸੀ।

ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਿੱਧੂ ਤੋਂ ਬਾਅਦ ਹਰਭਜਨ ਸਿੰਘ ਇੱਥੋਂ ਸਭ ਤੋਂ ਵੱਧ ਪਸੰਦੀ ਦੇ ਹਨ। ਅਜਿਹੇ ਵਿਚ ਪਾਰਟੀ ਨੂੰ ਲੱਗਦਾ ਹੈ ਕਿ ਹਰਭਜਨ ਸਿੰਘ ਦਾ ਸਟਾਰ ਟੈਗ ਪੰਜਾਬ ਵਿਚ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਦਰਕਿਨਾਰ ਕਰਨ ਵਿਚ ਮਦਦ ਕਰੇਗਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਇਥੋਂ ਚੋਣ ਲੜਨ ਤੋਂ ਇਨਕਾਰ ਕਰ ਚੁੱਕੇ ਹਨ। ਹਾਲਾਂਕਿ ਭਾਜਪਾ ਦੇ ਸੂਬਾ ਆਗੂ ਮਲਿਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕ੍ਰਿਕਟਰ ਨਾਲ ਗੱਲਬਾਤ ਸਬੰਧੀ ਕੁਝ ਨਹੀਂ ਪਤਾ।