ਸੁਪਰੀਮ ਕੋਰਟ ਦੇ ਸਾਬਕਾ ਜੱਜ ਪੀ.ਸੀ. ਘੋਸ਼ ਹੋਣਗੇ ਦੇਸ਼ ਦੇ ਪਹਿਲੇ ਲੋਕਪਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਲਕੇ ਸੋਮਵਾਰ ਨੂੰ ਹੋ ਸਕਦੈ ਅਧਿਕਾਰਕ ਐਲਾਨ

Former Supreme Court Judge Justice PC Ghose

ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਸਾਬਕਾ ਜੱਜ ਪਿਨਾਕੀ ਚੰਦਰ ਘੋਸ਼ ਨੂੰ ਦੇਸ਼ ਦਾ ਪਹਿਲਾ ਲੋਕਪਾਲ ਬਣਾਉਣ ਦੀ ਸ਼ਿਫ਼ਾਰਿਸ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਜੱਜ ਰੰਜਨ ਗੋਗੋਈ, ਲੋਕ ਸਭਾ ਪ੍ਰਧਾਨ ਸੁਮਿਤਰਾ ਮਹਾਜਨ, ਪ੍ਰਸਿੱਧ ਕਾਨੂੰਨ ਮਾਹਰ ਮੁਕੁਲ ਰੋਹਤਗੀ ਦੀ ਚੋਣ ਕਮੇਟੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਨਾਂ ਤੈਅ ਕੀਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਕੀਤੀ। ਭਲਕੇ ਸੋਮਵਾਰ ਨੂੰ ਅਧਿਕਾਰਕ ਐਲਾਨ ਹੋ ਸਕਦਾ ਹੈ।

ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਮੈਂਬਰ ਮਲਿਕਾਅਰਜੁਨ ਖੜਗੇ ਵੀ ਚੋਣ ਕਮੇਟੀ ਦੇ ਮੈਂਬਰ ਹਨ ਪਰ ਉਹ ਚੋਣ ਪ੍ਰਕਿਰਿਆ 'ਚ ਸ਼ਾਮਲ ਨਹੀਂ ਹੋਏ। ਰਿਪੋਰਟ ਮੁਤਾਬਕ ਸਰਕਾਰ ਨੇ ਜਸਟਿਸ ਘੋਸ਼ ਦੀ ਨਿਯੁਕਤੀ ਨਾਲ ਸਬੰਧਤ ਫ਼ਾਈਲ ਰਾਸ਼ਟਰਪਤੀ ਕੋਲ ਭੇਜ ਦਿੱਤੀ ਹੈ। ਲੋਕਪਾਲ ਭ੍ਰਿਸ਼ਟਾਚਾਰ ਵਿਰੁੱਧ ਕੰਮ ਕਰਨ ਵਾਲੀ ਸੰਸਥਾ ਹੈ। ਇਸ ਕਮੇਟੀ 'ਚ ਇਕ ਚੇਅਰਮੈਨ, ਇਕ ਨਿਆਂਇਕ ਮੈਂਬਰ ਅਤੇ ਇਕ ਗ਼ੈਰ-ਨਿਆਇਕ ਮੈਂਬਰ ਹੁੰਦਾ ਹੈ। 

ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਹਨ ਪੀ.ਸੀ. ਘੋਸ਼ : ਪੀ.ਸੀ. ਘੋਸ਼ ਸੁਪਰੀਮ ਕੋਰਟ 'ਚੋਂ ਮਈ 2017 ਨੂੰ ਰਿਟਾਇਰ ਹੋਏ ਸਨ। ਉਦੋਂ ਉਹ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸਨ। ਪੀ.ਸੀ. ਘੋਸ਼ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਮਰਹੂਮ ਜੈਲਲਿਤਾ ਦੀ ਸਹਿਯੋਗੀ ਰਹੀ ਸ਼ਸ਼ੀਕਲ ਨੂੰ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ 'ਚ ਦੋਸ਼ੀ ਠਹਿਰਾ ਚੁੱਕੇ ਹਨ।